ਕਰੋਨਾ ਤੋਂ ਠੀਕ ਹੋਣ ਤੇ ਇੱਕ ਹੋਰ ਵਿਅਕਤੀ ਨੂੰ ਆਈਸੋਲੇਸ਼਼ਨ ਵਾਰਡ ਤੋਂ ਮਿਲੀ ਛੁੱਟੀ – ਡਾ. ਮਲਹੋਤਰਾ
ਪਟਿਆਲਾ, 18 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1537 ਸੈਂਪਲਾਂ ਵਿਚੋਂ 746 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 739 ਨੈਗੇਟਿਵ ਅਤੇ 07 ਕੋਵਿਡ ਪੌਜਟਿਵ ਪਾਏ ਗਏ ਹਨ ਜਿਨ੍ਹਾਂ ਵਿਚ ਤਿੰਨ ਪਟਿਆਲਾ ਸ਼ਹਿਰ ਅਤੇ 2 ਸਮਾਣਾ ਦੇ ਰਹਿਣ ਵਾਲੇ ਹਨ ਅਤੇ ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਪੌਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਡੀ.ਐਮ.ਡਬਲਿਊ ‘ਚ ਇੱਕ ਪਰਿਵਾਰ ਦੇ ਰਹਿਣ ਵਾਲੇ ਤਿੰਨ ਜੀਅ 35 ਸਾਲਾ ਔਰਤ, 18 ਸਾਲ ਲੜਕੀ ਅਤੇ 17 ਸਾਲ ਲੜਕਾ ਜੋ ਕਿ ਬੀਤੇ ਦਿਨੀਂ ਡੀ.ਐਮ.ਡਬਲਿਊ ਦੇ ਪੌਜਟਿਵ ਆਏ ਕੇਸ ਦੇ ਸੰਪਰਕ ਵਿਚ ਆਏ ਸਨ ਅਤੇ ਇਸੇ ਤਰਾਂ ਸਮਾਣਾ ਦੇ ਵੜੈਚ ਕਲੋਨੀ ਵਿਚ ਰਹਿਣ ਵਾਲੀ 60 ਸਾਲਾ ਔਰਤ ਅਤੇ ਰਾਮ ਲੀਲਾ ਮੁਹੱਲਾ ਵਿਚ ਰਹਿਣ ਵਾਲੀ 27 ਸਾਲ ਔਰਤ ਵੀ ਪੌਜਟਿਵ ਕੇਸ ਦੇ ਸੰਪਰਕ ਵਿਚ ਆਉਣ ਕਾਰਨ ਕੋਵਿਡ ਸਬੰਧੀ ਲਏ ਸੈਂਪਲ ਵਿਚ ਕੋਵਿਡ ਪੌਜਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਗੁਰਬਖ਼ਸ਼ ਕਲੋਨੀ ਗਲੀ ਨੰਬਰ 8 ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਦੋ ਜੀਅ 25 ਅਤੇ 32 ਸਾਲਾ ਨੌਜਵਾਨ ਜੋ ਕਿ ਬਾਹਰੀ ਰਾਜ ਤੋਂ ਆਏ ਸਨ ਅਤੇ ਬਾਹਰੀ ਰਾਜ ਤੋਂ ਆਉਣ ਕਾਰਨ ਉਨ੍ਹਾਂ ਦੇ ਕੋਵਿਡ ਸਬੰਧੀ ਸੈਂਪਲ ਲਏ ਗਏ ਸਨ ਜੋ ਕਿ ਕੋਵਿਡ ਪੌਜਟਿਵ ਪਾਏ ਗਏ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਇਹਨਾਂ ਪੌਜਟਿਵ ਕੇਸਾਂ ਨੂੰ ਨਵੀਂ ਪਾਲਿਸੀ ਅਨੁਸਾਰ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਪੌਜਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਰਹੇਗੀ। ਉਨ੍ਹਾ ਦੱਸਿਆ ਕਿ ਪਟਿਆਲਾ ਵਾਸੀਆਂ ਲਈ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਸਮਾਣਾ ਦੀ ਇੱਕ ਗਰਭਵਤੀ ਔਰਤ ਜੋ ਕਿ ਜਣੇਪਾ ਕਰਵਾਉਣ ਲਈ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ ਅਤੇ ਹਸਪਤਾਲ ਵਿਚ ਕੋਵਿਡ ਜਾਂਚ ਦੌਰਾਨ ਉਸ ਦਾ ਕੋਵਿਡ ਸੈਂਪਲ ਪੌਜਟਿਵ ਆਇਆ ਸੀ, ਦਾ ਅੱਜ ਜਣੇਪਾ ਰਾਜਿੰਦਰਾ ਹਸਪਤਾਲ ਵਿਚ ਠੀਕ ਠਾਕ ਹੋਣ ਤੇ ਲੜਕੀ ਨੇ ਜਨਮ ਲਿਆ ਹੈ ਅਤੇ ਔਰਤ ਅਤੇ ਉਸ ਦੀ ਨਵਜੰਮੀ ਬੱਚੀ ਠੀਕ ਠਾਕ ਹਨ।
ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਬਲਾਕ ਦੁਧਨਸਾਧਾ ਦਾ ਰਹਿਣ ਵਾਲਾ ਇੱਕ ਹੋਰ ਵਿਅਕਤੀ ਨੂੰ ਵੀ ਕੋਵਿਡ ਤੋਂ ਠੀਕ ਹੋਣ ਤੇ ਗਾਈਡ ਲਾਈਨ ਅਨੁਸਾਰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 131 ਹੋ ਗਈ ਹੈ।
ਡਾ. ਮਲਹੋਤਰਾ ਨੇ ਰਾਜਿੰਦਰਾ ਹਸਪਤਾਲ ਦਾ ਕਾਫ਼ੀ ਸਾਰਾ ਸਟਾਫ਼ ਕੋਵਿਡ ਪੌਜਟਿਵ ਆਉਣ ਤੇ ਉਨ੍ਹਾਂ ਜਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਰੁਟੀਨ ਵਿਚ ਵੀ ਪੀ.ਪੀ.ਈ (ਪਰਸਨਲ ਪ੍ਰੋਟੈਕਟਿਵ ਇਕੂਅਪਮੈਂਟ) ਪ੍ਰਤੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਐਸੀ ਨੌਬਤ ਨਾ ਆਏ ਕਿ ਗਾੲਡਿਲਾਈਨਜ ਦੀ ਉਲੰਘਣਾ ਕਰਨ ’ਤੇ ਹਸਪਤਾਲ ਦੇ ਸਟਾਫ਼ ਨੂੰ ਕੁਆਰਨਟੀਨ ਕਰਨ ਦੇ ਨਾਲ ਨਾਲ ਹਸਪਤਾਲਾਂ ਨੂੰ ਵੀ ਬੰਦ ਕਰਨ ਦੀ ਨੌਬਤ ਆ ਜਾਵੇ।
ਡਾ. ਮਲਹੋਤਰਾ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 716 ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪੌਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਪੁਲਿਸ ਮੁਲਾਜ਼ਮ, ਸੈਨੇਟਰੀ ਵਰਕਰ ਆਦਿ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਚ ਪੌਜਟਿਵ ਆਏ ਸਟਾਫ਼ ਦੇ ਨੇੜਲੇ ਸੰਪਰਕ ਅਤੇ ਦਾਖਲ ਮਰੀਜਾਂ ਦੇ ਲਏ 70 ਸੈਂਪਲ ਵੀ ਸ਼ਾਮਲ ਹਨ। ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 15118 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ 200 ਕੋਵਿਡ ਪੌਜਟਿਵ, 13333 ਨੈਗੇਟਿਵ ਅਤੇ 1565 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿਚੋਂ ਤਿੰਨ ਕੇਸਾਂ ਦੀ ਮੌਤ ਹੋ ਚੁੱਕੀ ਹੈ, 131 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 66 ਹੈ।