Saturday, September 21, 2024

ਜੰਗ-ਏ-ਆਜ਼ਾਦੀ ਮਿੳਜ਼ੀਅਮ ‘ਚ ਬਣੇਗੀ ਮਾਸਟਰ ਤਾਰਾ ਸਿੰਘ ਦੀ ਯਾਦਗਾਰ – ਡਿਪਟੀ ਕਮਿਸ਼ਨਰ

ਸਾਦਗੀ ਢੰਗ ਨਾਲ ਮਨਾਇਆ ਗਿਆ ਰਾਜ ਪੱਧਰੀ ਸਮਾਗਮ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਅੱਜ ਸਾਦੇ ਢੰਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਰਾਜ ਪੱਧਰੀ ਸਮਾਗਮ ਮਨਾਇਆ ਗਿਆ।ਉਨਾਂ ਦੇ ਪਰਿਵਾਰਕ ਮੈਂਬਰਾਂ, ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਡੀ.ਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਜੰਗ-ਏ-ਆਜ਼ਾਦੀ ਮਿੳਜ਼ੀਅਮ ਵਿਖੇ ਮਾਸਟਰ ਤਾਰਾ ਸਿੰਘ ਜੀ ਦੀ ਯਾਦਗਾਰ ਬਣਾਈ ਜਾਵੇਗੀ ਜਿਥੇ ਉਨ੍ਹਾਂ ਦੀਆਂ ਯਾਦਗਾਰੀ ਵਸਤੂਆਂ ਨੂੰ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕਰ ਲਈ ਗਈ ਹੈ।
                ਢਿਲੋਂ ਨੇ ਦੱਸਿਆ ਕਿ ਮਾਸਟਰ ਤਾਰਾ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਚਿੰਨ ਇਸ ਯਾਦਗਾਰ ਵਿੱਚ ਰੱਖੇ ਜਾਣਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਚਿੰਨਾਂ ਤੋਂ ਦੇਸ਼ ਦੀ ਨੌਜਵਾਨ ਪੀੜ੍ਹੀ ਪ੍ਰੇਰਨਾ ਲੈ ਸਕੇਗੀ।ਉਨ੍ਹਾਂ ਦੱਸਿਆ ਕਿ ਮਾਸਟਰ ਜੀ ਨੇ ਧਾਰਮਿਕ ਜੀਵਨ ਦੇ ਨਾਲ ਨਾਲ ਰਾਜਨੀਤਕ ਖੇਤਰ ਵਿੱਚ ਵੀ ਕਾਫੀ ਯੋਗਦਾਨ ਪਾਇਆ ਹੈ ਅਤੇ ਇਕ ਲੇਖਕ ਵਜੋਂ ਵੀ ਕਈ ਕਿਤਾਬਾਂ ਲਿਖ ਕੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।
ਮਾਸਟਰ ਜੀ ਦੀ ਦੋਹਤੀ ਤੇ ਮੈਂਬਰ ਸ਼੍ਰੋਮਣੀ ਕਮੇਟੀ ਸ਼੍ਰੀਮਤੀ ਕਿਰਨਜੋਤ ਕੋਰ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਪੰਥ ਦੇ ਉਹ ਆਗੂ ਸਨ, ਜੋ ਪੀੜ੍ਹੀ ਦਰ ਪੀੜ੍ਹੀ ਲੋਕ ਦਿਲਾਂ ’ਤੇ ਰਾਜ ਕਰਦੇ ਰਹਿਣਗੇ।ਉਨ੍ਹਾਂ ਦੱਸਿਆ ਕਿ ਮਾਸਟਰ ਜੀ ਨੇ ਹਮੇਸ਼ਾਂ ਹੀ ਦੇਸ਼ ਅਤੇ ਧਰਮ ਦੀ ਖਾਤਰ ਆਪਣੀ ਜਿੰਦਗੀ ਬਸਰ ਕੀਤੀ ਹੈ।ਉੋਨ੍ਹਾਂ ਕਿਹਾ ਕਿ ਮਾਸਟਰ ਜੀ ਨੇ ਬਿਨਾਂ ਕਿਸੇ ਲਾਲਚ ਤੇ ਆਪਣੇ ਆਪ ਨੂੰ ਸਿਆਸਤ ਦੇ ਨਾਲ ਨਾਲ ਧਰਮ ਨੂੰ ਵੀ ਜੋੜੀ ਰੱਖਿਆ ਹੈ।
               ਮਾਸਟਰ ਤਾਰਾ ਸਿੰਘ ਦੀ ਪੋਤ ਨੰੁਹ ਪ੍ਰੋ: ਜਸਪ੍ਰੀਤ ਕੌਰ ਨੇ ਕਿਹਾ ਕਿ ਪਿਤਾ ਜੀ ਇਕ ਰਾਜਨੀਤਕ, ਧਾਰਮਿਕ ਨੇਤਾ ਤੋਂ ਇਲਾਵਾ ਇਕ ਚੰਗੇ ਲੇਖਕ ਵੀ ਸਨ। ਉਨ੍ਹਾਂ ਦੱਸਿਆ ਕਿ ਮਾਸਟਰ ਜੀ ਵੱਲੋਂ ਕਈ ਪੁਸਤਕਾਂ ਲਿਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਕੌਮ ਦੇ ਅਜਿਹੇ ਆਗੂ ਸਨ, ਜਿੰਨਾਂ ਨੇ ਸਾਰੀ ਉਮਰ ਪੰਥ ਦੇ ਭਲੇ ਅਤੇ ਇਕਜੁੱਟਤਾ ਲਈ ਕੰਮ ਕੀਤਾ ਅਤੇ ਆਪਣਾ ਨਿੱਜ ਤਿਆਗ ਦਿੱਤਾ।ਉਨਾਂ ਨੇ ਸੁੰਤਰਤਾ ਸੰਗਰਾਮ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦੇ ਯੋਗਦਾਨ ਨੂੰ ਯਾਦ ਕਰਦੇ ਕਈ ਮਾਸਟਰ ਜੀ ਦੇ ਅਣਛੂਹੇ ਵਰਕੇ ਸਰੋਤਿਆਂ ਨਾਲ ਸਾਂਝੇ ਕੀਤੇ।ਡਿਪਟੀ ਕਮਿਸ਼ਨਰ ਵੱਲੋਂ ਮਾਸਟਰ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
                ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਰਜਿੰਦਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਨਰਿੰਦਰਜੀਤ ਸਿੰਘ ਪਨੂੰ ਸਮਾਜ ਭਲਾਈ ਅਫਸਰ, ਸਤਿੰਦਰਬੀਰ ਸਿੰਘ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …