ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਤੁਲੀ ਲੈਬ ਵਲੋਂ ਕੋਵਿਡ-19 ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮਾਮਲੇ ਦੀ ਉਚ ਪੱਧਰੀ ਜਾਂਚ

ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਜੋ ਕਿ ਇਸ ਕੇਸ ਦੀ ਜਾਂਚ ਕਰਕੇ ਇਸ ਨੂੰ ਅੰਜ਼ਾਮ ਤੱਕ ਪਹੁੰਚਾਵੇਗੀ।ਫੇਸ ਬੁੱਕ ਲਾਈਵ ‘ਚ ਅੰਮ੍ਰਿਤਸਰ ਵਾਸੀ ਸਾਹਿਲ ਧਵਨ ਵਲੋਂ ਕੀਤੇ ਗਏ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਹ ਜਾਂਚ ਵਿਜੀਲੈਂਸ ਬਿਊਰੋ ਵਲੋਂ ਕੀਤੀ ਗਈ ਹੈ, ਪਰ ਤੁਲੀ ਲੈਬ ਨੇ ਇਸ ਅਧਾਰ ‘ਤੇ ਕਿ ਵਿਜੀਲੈਂਸ ਕੇਵਲ ਸਰਕਾਰੀ ਵਿਭਾਗਾਂ ਦੀ ਹੀ ਜਾਂਚ ਕਰ ਸਕਦੀ ਹੈ, ਇਸ ਨੂੰ ਨਿੱਜੀ ਕੇਸਾਂ ਵਿਚ ਜਾਂਚ ਦਾ ਅਧਿਕਾਰ ਨਹੀਂ, ਅਦਾਲਤ ਵਿੱਚ ਪਹੁੰਚ ਕੀਤੀ ਹੈ, ਸੋ ਇਸ ਨੂੰ ਵੇਖਦੇ ਹੋਏ ਉਨਾਂ ਇਹ ਜਾਂਚ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ ਸਿਟ ਨੂੰ ਦੇ ਦਿੱਤੀ ਹੈ।ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਅਤੇ ਸਿਵਲ ਸਰਜਨ ਵੀ ਸ਼ਾਮਿਲ ਹਨ।ਉਨਾਂ ਕਿਹਾ ਕਿ ਇਹ ਤਿੰਨ ਅਧਿਕਾਰੀਆਂ ਦੀ ਟੀਮ, ਜੋ ਕਿ ਖ਼ੁਦ ਡਾਕਟਰ ਪੇਸ਼ੇ ਵਿਚੋਂ ਹੀ ਹਨ, ਇਸ ਕੇਸ ਦੀ ਪੜਤਾਲ ਕਰਕੇ ਸੱਚ ਅਦਾਲਤ ਸਾਹਮਣੇ ਲਿਆਉਣਗੇ ਅਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਉਨਾਂ ਦੱਸਿਆ ਕਿ ਉਹ ਖ਼ੁਦ ਇਸ ਕੇਸ ਦੀ ਨਜ਼ਰਸਾਨੀ ਕਰ ਰਿਹਾ ਹੈ, ਸੋ ਉਨਾਂ ਲੋਕਾਂ ਨੂੰ ਇਨਸਾਫ ਦੇਣਗੇ।