Sunday, December 22, 2024

ਕਸਬਾ ਲੌਂਗੋਵਾਲ ਵਿਖੇ ਬਾਂਦਰਾਂ ਨੇ ਮਚਾਇਆ ਆਤੰਕ – ਕਈ ਲੋਕਾਂ ਨੂੰ ਕਰ ਚੁੱਕੇ ਹਨ ਜ਼ਖ਼ਮੀ

ਪ੍ਰਸ਼ਾਸਨ ਨਹੀਂ ਕਰ ਰਿਹਾ ਸਮੱਸਿਆ ਦਾ ਹੱਲ – ਲਖਵਿੰਦਰ ਭਾਲ

ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਕਸਬਾ ਲੌਂਗੋਵਾਲ ਦੇ ਨਿਵਾਸੀ ਅਜਕਲ ਬਾਂਦਰਾਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਹਨ।ਕਸਬੇ ‘ਚ ਵੱਡੀ ਗਿਣਤੀ ਵਾਲੇ ਬਾਂਦਰਾਂ ਦੇ ਝੁੰਡਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ।ਬਾਂਦਰ ਨਿੱਤ ਦਿਨ ਰਾਹ ਜਾਂਦੇ ਲੋਕਾਂ `ਤੇ ਹਮਲੇ ਕਰ ਰਹੇ ਹਨ ਅਤੇ ਇਹ ਮਸਲਾ ਉਕਾ ਹੀ ਪ੍ਰਸ਼ਾਸਨ ਦੇ ਧਿਆਨ ਵਿਚ ਨਹੀਂ ਹੈ।
                  ਕਸਬੇ ਦੇ ਨੌਜਵਾਨ ਆਗੂ ਲਖਵਿੰਦਰ ਸਿੰਘ ਭਾਲ ਨੇ ਦੱਸਿਆ ਕਿ 20 ਦੇ ਕਰੀਬ ਬਾਂਦਰਾਂ ਦੇ ਦਿਨੋਂ ਦਿਨ ਵਧ ਰਹੇ ਝੁੰਡ ਬੇਆਬਾਦ ਪਈਆਂ ਧਰਮਸ਼ਾਲਾਵਾਂ ਨੂੰ ਆਪਣਾ ਬਸੇਰਾ ਬਣਾਉਂਦੇ ਹਨ ਅਤੇ ਹਫ਼ਤੇ 10 ਦਿਨਾਂ ਬਾਅਦ ਸਥਾਨ ਬਦਲ ਲੈਂਦੇ ਹਨ।ਇਸ ਦੌਰਾਨ ਇਹ ਰਾਹਗੀਰਾਂ `ਤੇ ਅਨੇਕਾਂ ਵਾਰ ਹਮਲੇ ਕਰ ਚੁੱਕੇ ਹਨ।ਲੋਕਾਂ ਦੇ ਹੱਥਾਂ ਵਿੱਚੋਂ ਲਿਫ਼ਾਫ਼ੇ ਖੋਹ ਕੇ ਲੈ ਜਾਂਦੇ ਹਨ। ਛੱਤਾਂ `ਤੇ ਚੜ੍ਹ ਕੇ ਕੱਪੜੇ ਪਾੜ ਦਿੰਦੇ ਹਨ, ਟੈਂਕੀਆਂ ਦੇ ਢੱਕਣ ਤੋੜ ਕੇ ਪਾਣੀ ਗੰਦਾ ਕਰ ਦਿੰਦੇ ਹਨ ਅਤੇ ਕੇਬਲ ਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬਾਂਦਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਘਰਾਂ ਦੀਆਂ ਰਸੋਈਆਂ ਵਿੱਚ ਵੜ ਕੇ ਚੀਜ਼ਾਂ ਚੁੱਕ ਕੇ ਲੈ ਜਾਂਦੇ ਹਨ ਅਤੇ ਕੀਮਤੀ ਚੀਜ਼ਾਂ ਨੂੰ ਖੇਹ ਖ਼ਰਾਬ ਕਰ ਕੇ ਸੁੱਟ ਦਿੰਦੇ ਹਨ।ਬੱਚਿਆਂ ਦਾ ਇਕੱਲਿਆਂ ਸਕੂਲ ਜਾਣਾ ਅਤੇ ਆਮ ਲੋਕਾਂ ਦਾ ਆਉਣਾ ਜਾਣਾ ਹੁਣ ਬਿਲਕੁੱਲ ਵੀ ਸੁਰੱਖਿਅਤ ਨਹੀਂ ਰਿਹਾ।ਕਿਉਂਕਿ ਬਾਂਦਰ ਸਮੂਹਿਕ ਰੂਪ ਵਿੱਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ `ਤੇ ਕਈ ਵਾਰ ਖ਼ਤਰਨਾਕ ਹਮਲੇ ਕਰ ਚੁੱਕੇ ਹਨ।ਇਹਨਾਂ ਬਾਂਦਰਾਂ ਦਾ ਕਾਫ਼ੀ ਸਮੇਂ ਤੱਕ ਕੁੜੀਆਂ ਵਾਲੇ ਸਕੂਲ `ਤੇ ਵੀ ਕਬਜ਼ਾ ਰਿਹਾ ਹੈ।ਇਸ ਦੌਰਾਨ ਬਾਂਦਰਾਂ ਨੇ ਵਿਦਿਆਰਥਣਾਂ ਦੀਆਂ ਕਿਤਾਬਾਂ ਅਤੇ ਚੁੰਨੀਆਂ ਪਾੜ੍ਹੀਆਂ ਸਗੋਂ ਅਨੇਕਾਂ ਵਿਦਿਆਰਥਣਾਂ ਨੂੰ ਹਮਲੇ ਦਾ ਸ਼ਿਕਾਰ ਵੀ ਬਣਾਇਆ ਹੈ।
             ਲੌਂਗੋਵਾਲ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਲਈ ਖ਼ਤਰਾ ਬਣੇ ਇਹਨਾਂ ਬਾਂਦਰਾਂ ਨੂੰ ਜੰਗਲ ਵਿੱਚ ਛੱਡਿਆ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …