ਸੰਗਰੂਰ ਵਾਸੀ ਰੁਪਿੰਦਰ ਧੀਮਾਨ ਨੇ ਆਪਣਾ ਨੀਲਾ ਕਾਰਡ ਨਾ ਬਣਨ ਬਾਰੇ ਭੇਜਿਆ ਸੀ ਸਵਾਲ
ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ-19 ਦੀ ਮਹਾਂਮਾਰੀ ਦੌਰਾਨ ਪੰਜਾਬ ਵਾਸੀਆਂ ਤੱਕ ਨਿੱਜੀ ਪੱਧਰ ਦੀ ਪਹੁੰਚ ਬਣਾਉਣ ਲਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਆਸਕ ਕੈਪਟਨ’ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਸੰਗਰੂਰ ਵਾਸੀ ਦੀ ਸਮੱਸਿਆ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ ਪ੍ਰੋਗਰਾਮ ਦੌਰਾਨ ਸੰਗਰੂਰ ਜਿਲੇ ਦੇ ਵਸਨੀਕ ਰੁਪਿੰਦਰ ਧੀਮਾਨ ਨੇ ਆਪਣਾ ਨੀਲਾ ਕਾਰਡ ਨਾ ਬਣਨ ਦੀ ਮੁਸ਼ਕਿਲ ਬਾਰੇ ਸਵਾਲ ਭੇਜਿਆ ਸੀ।ਜਿਸ ਦੇ ਜਵਾਬ ’ਚ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਉਨਾਂ ਦੇ ਮਸਲੇ ਨੂੰ ਵੇਖਣਗੇ ਅਤੇ ਜੇਕਰ ਉਹ ਕਾਰਡ ਬਣਵਾਉਣ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਤਾਂ ਉਨਾਂ ਦਾ ਨੀਲਾ ਕਾਰਡ ਲਾਜ਼ਮੀ ਤੌਰ ’ਤੇ ਬਣਾਇਆ ਜਾਵੇਗਾ।
ਆਪਣੇ ਸਵਾਲ ’ਚ ਰੁਪਿੰਦਰ ਧੀਮਾਨ ਨੇ ਲਿਖਿਆ ਸੀ ਕਿ ਉਹ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਨ ਤੇ ਕਈ ਵਾਰ ਉਨਾਂ ਨੂੰ ਇਲਾਜ਼ ਕਰਵਾਉਣ ’ਚ ਕਾਰਡ ਨਾ ਬਣਿਆ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਜਵਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਯੋਗਤਾ ਸਾਬਤ ਕਰਦੇ ਕਾਗਜ਼ ਉਨਾਂ ਤੱਕ ਪੁੱਜਦੇ ਕਰਨ ਜਿਸ ਤੋਂ ਬਾਅਦ ਉਹ ਸਬੰਧਤ ਮਹਿਕਮੇ ਨੂੰ ਸਖ਼ਤ ਹਦਾਇਤ ਕਰਕੇ ਉਨਾਂ ਦਾ ਕਾਰਡ ਬਣਵਾਉਣਗੇ।
ਅੱਜ ਦੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਇਹ ਦੁਹਰਾਇਆ ਕਿ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਅਤੇ ਪੰਜਾਬੀਆਂ ਦੀ ਭਲਾਈ ਲਈ ਜਿੰਦ-ਜਾਨ ਵਾਰ ਦੇਣਗੇ।ਉਨਾਂ ਇਹ ਵੀ ਕਿਹਾ ਕਿ ਪੰਜਾਬ ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਦਾ ਦੇਸ਼ ਦੀ ਬਹੁਤ ਸਾਰੇ ਸੂਬਿਆਂ ਤੋਂ ਵਧੀਆ ਤਰੀਕੇ ਨਾਲ ਸਾਹਮਣਾ ਕਰ ਰਿਹਾ ਹੈ।