Tuesday, October 22, 2024

ਪਿੰਗਲਵਾੜਾ ਸੰਸਥਾ ਨੇ ਪਰਿਵਾਰ ਨਾਲ ਮਿਲਾਈ ਵਿੱਛੜੀ ਲੜਕੀ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਨੇ ਗੁੰਮ ਹੋਈ ਇਕ ਲੜਕੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਪੁੰਨ ਦਾ ਕਾਰਜ਼ ਕੀਤਾ ਹੈ।ਸੰਸਥਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ 12-07-2020 ਨੂੰ ਤਕਰੀਬਨ ਦੁਪਹਿਰ 12:00 ਵਜੇ ਜਸਟ ਸੇਵਾ ਸੋੋਸਾਇਟੀ ਦੇ ਗੁਰਦੀਪ ਸਿੰਘ ਰਾਜਨ ਵੱਲੋਂ ਪਿੰਗਲਵਾੜਾ ਪ੍ਰਸ਼ਾਸ਼ਕ ਕਰਨਲ ਦਰਸ਼ਨ ਸਿੰਘ ਬਾਵਾ ਨੂੰ ਇਕ ਟੈਲੀਫੋਨ ਆਇਆ ਕਿ ਸੋਸ਼ਲ ਮੀਡੀਆ ‘ਤੇ ਬੀਰਦਵਿੰਦਰ ਸਿੰਘ ਸੰਧੂ ਵਲੋਂ ਪਾਈ ਗਈ ਵੀਡੀਓ ‘ਚ ਦੱਸਿਆ ਗਿਆ ਹੈ ਕਿ ਖਜਾਨਾ ਗੇਟ ਦੇ ਬਾਹਰ ਇਕ ਲੜਕੀ ਜਿਸ ਦੀ ਉਮਰ 35 ਸਾਲ ਹੈ, ਪਿਛਲੇ ਕਈ ਦਿਨਾਂ ਤੋਂ ਲਾਵਾਰਸੀ ਦੀ ਹਾਲਤ ਵਿਚ ਪਈ ਹੋਈ ਹੈ।ਰਾਤ ਨੂੰ ਬਾਰਿਸ਼ ਦੇ ਦੌਰਾਨ ਵੀ ਇਹ ਲੜਕੀ ਉਸੇ ਜਗ੍ਹਾ ‘ਤੇ ਪਈ ਰਹਿੰਦੀ ਹੈ ਅਤੇ ਆਲੇ-ਦੁਆਲੇ ਦੇ ਲੋਕ ਇਸ ਨੂੰ ਖਾਣਾ ਤੇ ਉਪਰ ਲੈਣ ਵਾਸਤੇ ਤਰਪਾਲ ਦੇ ਦਿੰਦੇ ਹਨ।ਇਹ ਸੂਚਨਾ ਮਿਲਣ ‘ਤੇ ਪਿੰਗਲਵਾੜਾ ਤੋਂ ਗੁਲਸ਼ਨ ਰੰਜ਼ਨ ਨਾਲ ਦੋ ਸੇਵਾਦਾਰ ਤੇ ਐਂਬੂਲੈਂਸ ਲੈ ਕੇ ਉਸ ਥਾਂ ਪਹੁੰਚੇ ਅਤੇ ਦੇਖਿਆ ਕਿ ਮਰੀਜ਼ ਦੀ ਹਾਲਤ ਬਹੁਤ ਖਰਾਬ ਸੀ ਅਤੇ ਦਿਮਾਗੀ ਤੌਰ ‘ਤੇ ਵੀ ਪਰੇਸ਼ਾਨ ਸੀ ਅਤੇ ਉਹ ਆਪਣੇ ਬਾਰੇ ਕੁੱਝ ਵੀ ਨਹੀਂ ਸੀ ਦੱਸ ਸਕਦੀ।ਉਨਾਂ ਕਿਹਾ ਕਿ ਮਰੀਜ਼ ਨੂੰ ਸਿਵਲ ਹਸਪਤਾਲ ਕਰੋਨਾ ਟੈਸਟ ਵਾਸਤੇ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਇਸ ਨੂੰ ਪਿੰਗਲਵਾੜਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕਰਵਾ ਦਿੱਤਾ।
ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਸੇ ਦੌਰਾਨ ਲੜਕੀ ਦਾ ਪਰਿਵਾਰ ਇਕ ਇਸ਼ਤਿਹਾਰ ਲੈ ਕੇ ਪਿੰਗਲਵਾੜਾ ਇਨਕੁਆਰੀ ਵਾਸਤੇ ਪਹੁੰਚਿਆ ਤਾਂ ਰਿਕਾਰਡ ਵਿਚ ਇਸ ਦੀ ਫੋਟੋ ਦੇਖਣ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਇਹ ਲੜਕੀ ਉਨਾਂ ਦੀ ਹੈ, ਜਿਸ ਦਾ ਨਾਂ ਸੋਨੀਆ ਹੈ।ਇਹ ਪਿੰਡ ਵਡਾਲਾ ਰਾਮ ਤੀਰਥ ਰੋਡ ਦੀ ਰਹਿਣ ਵਾਲੀ ਹੈ, ਜੋ ਕਿ ਪਿਛਲੇ ਇਕ ਮਹੀਨੇ ਤੋਂ ਘਰੋਂ ਕਿਤੇ ਚਲੀ ਗਈ ਸੀ।ਉਹ ਥਾਂ-ਥਾਂ ਇਸ ਦੀ ਭਾਲ ਕਰ ਰਹੇ ਹਨ।ਇਸ ਤੋਂ ਬਾਅਦ ਲੜਕੀ ਅਤੇ ਪਰਿਵਾਰ ਦੇ ਜਰੂਰੀ ਕਾਗਜ਼ ਚੈਕ ਕਰਕੇ ਉਸ ਨੂੰ ਪਰਿਵਾਰ ਨਾਲ ਭੇਜਿਆ ਗਿਆ।ਲੜਕੀ ਦੇ ਪਰਿਵਾਰ ਨੇ ਪਿੰਗਲਵਾੜਾ ਦਾ ਧੰਨਵਾਦ ਕੀਤਾ।

Check Also

ਸ਼ਤਰੰਜ ਮੁਕਾਬਲੇ ਵਿੱਚ ਲਿਪਸਾ ਮਿੱਤਲ ਦਾ ਤੀਸਰਾ ਸਥਾਨ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ (ਸੀ.ਬੀ.ਐਸ.ਈ ਪੈਟਰਨ) ਲੌਂਗੋਵਾਲ …