Tuesday, October 22, 2024

ਰੋਜ਼ਾਨਾ ਦੂਰਦਰਸ਼ਨ ‘ਤੇ ਲੱਗ ਰਹੀਆਂ ਹਨ ਵੱਖ-ਵੱਖ ਮਜ਼ਮੂਨਾਂ ਦੀਆਂ ਕਲਾਸਾਂ

9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾ ਰਹੇ ਹਨ ਪੜਾਈ

ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਲਾਕਡਾਉਨ ਅਤੇ ਕਰਫਿਊ ਦਾ ਸਭ ਤੋਂ ਜਿਆਦਾ ਅਸਰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ‘ਤੇ ਹੋਣ ਦਾ ਖਦਸ਼ਾ ਸੀ।ਜਿਸ ਦੇ ਚਲਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਦੇ ਮਾਪੇ ਚਿੰਤਤ ਸਨ।ਪਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੂਰਅੰਦੇਸ਼ੀ ਸੋਚ ਨੇ ਪ੍ਰਸਾਰ ਭਾਰਤੀ ਦੇ ਸਹਿਯੋਗ ਨਾਲ ਦੂਰਦਰਸ਼ਨ ‘ਤੇ ਕਲਾਸਾਂ ਸ਼ੁਰੂ ਕਰਦਿਆਂ ਘਰ ਘਰ ਸਕੂਲ ਖੋਲ੍ਹ ਕੇ ਮਾਪਿਆਂ ਨੂੰ ਚਿੰਤਾ ਮੁਕਤ ਕਰ ਦਿੱਤਾ।ਰੋਜ਼ਾਨਾ ਜਲੰਧਰ ਦੂਰਦਰਸ਼ਨ ‘ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਵੱਖ-ਵੱਖ ਮਜਮੂਨਾਂ ਦੀਆਂ ਕਲਾਸਾਂ ਚੱਲ ਰਹੀਆਂ ਹਨ।ਇਸ ਦਾ ਫਾਇਦਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ 45 ਲੱਖ ਬੱਚਿਆਂ ਨੂੰ ਹੋਣ ਲੱਗਾ ਹੈ ।
                   ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਜੂਮ ਐਪ ‘ਤੇ ਕਲਾਸਾਂ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ।ਪਰ ਕਈ ਪਿੰਡਾਂ ਵਿੱਚ ਇੰਟਰਨੈਟ ਸਪੀਡ ਦੀ ਸਮੱਸਿਆ ਆ ਰਹੀ ਸੀ ਤਾਂ ਕਈ ਪਰਿਵਾਰਾਂ ਵਿੱਚ ਗਰੀਬੀ ਇਸ ਕਦਰ ਸੀ ਕਿ ਉਹ ਐਂਡਰਾਇਡ ਫੋਨ ਜਾਂ ਇੰਟਰਨੈਟ ਪੈਕ ਵੀ ਨਹੀਂ ਲੈ ਪਾ ਰਹੇ ਸਨ ।
                ਜੂਮ ਐਪ ਲਈ ਹਾਈ ਸਪੀਡ ਇੰਟਰਨੇਟ ਦੀ ਜਰੂਰਤ ਹੁੰਦੀ ਹੈ।ਸਿੱਖਿਆ ਨੂੰ ਘਰ-ਘਰ ਤੱਕ ਪਹੁੰਚਾਊਣ ਲਈ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਅਤੇ ਪ੍ਰਸਾਰ ਭਾਰਤੀ ਨਾਲ ਇਸ ਬਾਰੇ ਗੱਲ ਕੀਤੀ ਅਤੇ ਲੈਕਚਰ ਰਿਕਾਰਡ ਕਰ ਕੇ ਦੂਰਦਰਸ਼ਨ ‘ਤੇ ਪ੍ਰਸਾਰਿਤ ਕਰਨੇ ਸ਼ੁਰੂ ਕਰ ਦਿੱਤੇ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਇੰਜੀ. ਸੰਜੀਵ ਗੌਤਮ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੰਨਣਾ ਸੀ ਕਿ ਹਰ ਘਰ ਵਿੱਚ ਟੈਲੀਵਿਜਨ ਹੁੰਦਾ ਹੈ ਅਤੇ ਅਜਿਹੇ ਵਿੱਚ ਦੂਰਦਰਸ਼ਨ ‘ਤੇ ਹੀ ਕਲਾਸਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ।ਇਸ ਦੇ ਲਈ ਪੰਜਾਬ ਸਿੱਖਿਆ ਵਿਭਾਗ ਨੇ ਆਪਣੇ ਮਾਹਿਰ ਸਿੱਖਿਅਕਾਂ ਦੇ ਆਨਲਾਈਨ ਲੈਕਚਰ ਰਿਕਾਰਡ ਕਰ ਉਨ੍ਹਾਂ ਨੂੰ ਦੂਰਦਰਸ਼ਨ ‘ਤੇ ਪ੍ਰਸਾਰਿਤ ਕਰਣਾ ਸ਼ੁਰੂ ਕਰ ਦਿੱਤਾ ਹੈ ।
ਇੱਕ ਦਿਨ ਪਹਿਲਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਾਰਾ ਸ਼ਡਿਊਲ ਮੈਸੇਜ ਜਾਂ ਫੋਨ ਦੇ ਜਰੀਏ ਮਿਲ ਜਾਂਦਾ ਹੈ ਕਿ ਕਿਸ ਵਿਸ਼ੇ ‘ਤੇ ਕਿਹੜੀ ਕਲਾਸ ਦਾ ਲੈਕਚਰ ਕਿੰਨੇ ਵਜੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਵੇਗਾ।ਪਹਿਲਾਂ ਦੂਰਦਰਸ਼ਨ ਨੇ ਸਿੱਖਿਆ ਵਿਭਾਗ ਨੂੰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਦਿੱਤਾ ਸੀ, ਪ੍ਰੰਤੂ ਇਸ ਦੀ ਸਫਲਤਾ ਨੂੰ ਵੇਖ ਕੇ ਹੁਣ ਸਮਾਂ 9 ਵਜੇ ਤੋਂ ਲੈ ਕੇ 4 ਵਜੇ ਤੱਕ ਕਰ ਦਿੱਤਾ ਗਿਆ ਹੈ ।
                ਸਰਕਾਰੀ ਸਕੂਲ ਦੀ ਵਿਦਿਆਰਥਣ ਸਿਮਰਣ ਦਾ ਕਹਿਣਾ ਹੈ ਕਿ ਪਹਿਲਾਂ ਕਾਪੀਆਂ ‘ਤੇ ਹੀ ਸਭ ਕੁੱਝ ਲਿਖਣਾ ਪੈਂਦਾ ਸੀ ਅਤੇ ਯਾਦ ਕਰਨਾ ਪੈਂਦਾ ਸੀ।ਹੁਣ ਵਿਜੁਅਲ ਲੈਕਚਰ ਕਾਰਨ ਕਾਫ਼ੀ ਜਲਦੀ ਯਾਦ ਹੋ ਜਾਂਦਾ ਹੈ।
                ਸਰਕਾਰੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵੀਰ ਸਿੰਘ ਦੇ ਪਿਤਾ ਅਮਰ ਸਿੰਘ ਦਾ ਕਹਿਣਾ ਹੈ ਕਿ ਇਹ ਦੂਰਦਰਸ਼ਨ ਦਾ ਇੱਕ ਅਹਿਮ ਕਦਮ ਹੈ।ਜਿਸ ਦੇ ਲਈ ਉਹ ਸਿੱਖਿਆ ਵਿਭਾਗ ਅਤੇ ਦੂਰਦਰਸ਼ਨ ਦੇ ਅਹਿਸਾਨਮੰਦ ਹਨ।

Check Also

ਸ਼ਤਰੰਜ ਮੁਕਾਬਲੇ ਵਿੱਚ ਲਿਪਸਾ ਮਿੱਤਲ ਦਾ ਤੀਸਰਾ ਸਥਾਨ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ (ਸੀ.ਬੀ.ਐਸ.ਈ ਪੈਟਰਨ) ਲੌਂਗੋਵਾਲ …