ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਵਲੋਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ
ਉਤਰੀ ਸੈਕਟਰ ਨਾਲ ਸਬੰਧਤ ਐਮ.ਟੀ.ਪੀ, ਏ.ਟੀ.ਪੀ, ਬਿਲਡਿੰਗ ਇੰਸਪੈਕਟਰ, ਲਾਅ ਅਫ਼ਸਰ, ਸੁਪਰਡੈਂਟ ਆਦਿ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਉਤਰੀ ਸੈਕਟਰ ਵਿੱਚ ਪੈਂਦੇ ਇਲਾਕਿਆਂ ‘ਚ ਚੱਲ ਰਹੀਆਂ ਉਸਾਰੀਆਂ ਬਾਰੇ ਜਾਣਕਾਰੀ ਲਈ ਗਈ।ਮੇਅਰ ਰਿੰਟੂ ਨੇ ਸਖ਼ਤ ਰਵਈਆ ਅਪਣਾਉਂਦੇ ਹੋਏ ਕਿਹਾ ਕਿ ਰੋਜ਼ਾਨਾ ਅਖਬਾਰਾਂ ਵਿੱਚ ਨਜਾਇਜ਼ ਉਸਾਰੀਆਂ ਬਾਰੇ ਖਬਰਾਂ ਛਪਣ ਤੋਂ ਇਲਾਵਾ ਸ਼ਿਕਾਇਤਾਂ ਵੀ ਆ ਰਹੀਆਂ ਹਨ।ਪਰ ਬਿਲਡਿੰਗ ਵਿਭਾਗ ਵਲੋਂ ਇਨ੍ਹਾਂ ਨਜਾਇਜ਼ ਉਸਾਰੀਆਂ ਖਿਲ਼ਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਨਾਲ ਨਗਰ ਨਿਗਮ ਦਾ ਅਕਸ ਖਰਾਬ ਹੋ ਰਿਹਾ ਹੈ।
ਮੇਅਰ ਨੇ ਸਖਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਵਿਭਾਗ ਵਲੋਂ ਇਹਨਾਂ ਨਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਤੁਰੰਤ ਵਿਉਂਤਬੰਧੀ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਉਹਨਾਂ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਨਜਾਇਜ਼ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੇਅਰ ਨੇ ਮੀਟਿੰਗ ਵਿੱਚ ਹਾਜ਼ਰ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕੋਈ ਵੀ ਉਸਾਰੀ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਲੋਕ ਨਜਾਇਜ਼ ਉਸਾਰੀਆ ਕਰਨ ਤੋਂ ਗੁਰੇਜ਼ ਕਰਨ ਅਤੇ ਨਗਰ ਨਿਗਮ ਦੀ ਆਮਦਨ ਵਿੱਚ ਵੀ ਵਾਧਾ ਹੋਵੇ।
ਇਸ ਮੀਟਿੰਗ ਵਿਚ ਐਮ.ਟੀ.ਪੀ ਨਰਿੰਦਰ ਸ਼ਰਮਾ, ਏ.ਟੀ.ਪੀ ਪਰਮਿੰਦਰ ਸਿੰਘ, ਸੁਪਰਡੈਂਟ ਧਰਮਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਰਜਤ ਖੰਨਾ ਅਤੇ ਅੰਗਦ ਸਿੰਘ, ਲਾਅ ਅਫ਼ਸਰ ਅੰਮ੍ਰਿਤਪਾਲ ਸਿੰਘ ਆਦਿ ਮੌਜ਼ੂਦ ਸਨ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media