Sunday, December 22, 2024

ਕੋਰੋਨਾ ਨੂੰ ਹਰਾਉਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲੋਕ- ਰਾਮਵੀਰ

ਡਿਪਟੀ ਕਮਿਸ਼ਨਰ ਨੇ ਫੇਸਬੁਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਦੇ ਸਵਾਲਾਂ ਦੇ ਦਿੱਤੇ ਜਵਾਬ

ਲੌਂਗੋਵਾਲ, 6 ਅਗਸਤ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਕੋਰੋਨਾ ਨੂੰ ਹਰਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਹਿੱਤ ਲਈ ਜਾਰੀ ਕੀਤੀਆ ਮੁੱਢਲੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਰਾਜ ਦੇ ਲੋਕਾਂ ਨੂੰ ਮਾਸਕ ਪਾਉਣ, ਸਾਮਾਜਿਕ ਦੂਰੀ ਬਣਾਉਣ, ਹੱਥਾਂ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕਰਨ ਅਤੇ ਕੋਰੋਨਾ ਦੇ ਖਿਲਾਫ਼ ਵਿੱਢੀ ਜੰਗ ਤਹਿਤ ਮਿਸ਼ਨ ਫਤਹਿ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਹਰੇਕ ਨਾਗਰਿਕ ਨੂੰ ਸਿਹਤ ਵਿਭਾਗ ਦੀਆਂ ਬੇਸਿਕ ਹਦਾਇਤਾਂ ਬਾਰੇ ਜਾਣਕਾਰੀ ਮਿਲ ਸਕੇ।
                      ਡਿਪਟੀ ਕਮਿਸ਼ਨਰ ਰਾਮਵੀਰ ਨੇ ਮਿਸ਼ਨ ਫਤਹਿ ਤਹਿਤ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਸੰਗਰੂਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਫੇਸਬੁੱਕ ਪੇਜ ’ਤੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਅੰਦਰ 5 ਅਗਸਤ ਤੱਕ ਕੋਵਿਡ-19 ਦੇ 26164 ਟੈਸਟ ਕੀਤੇ ਜਾ ਚੁੱਕੇ ਹਨ ਅਤੇ 1177 ਕੇਸ ਪਾਜ਼ਟਿਵ ਪਾਏ ਗਏ ਹਨ।ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੱਕ 24469 ਕੇਸ ਨੈਗਟਿਵ ਅਤੇ 569 ਸੈਂਪਲਾਂ ਦੇ ਨਤੀਜ਼ੇ ਆਉਣੇ ਬਾਕੀ ਹਨ ਅਤੇ 937 ਜਣਿਆਂ ਨੇ ਕੋਰੋਨਾ ਨੂੰ ਮਾਤ ਦੇ ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 209 ਐਕਟਿਵ ਕੇਸ ਹਨ ਜਿਨ੍ਹਾਂ ’ਚੋਂ 2 ਕੇਸ ਸੀਰੀਅਸ ਹਨ।
                 ਡੀ.ਸੀ ਰਾਮਵੀਰ ਨੇ ਹਰੇਕ ਸਬ ਡਵੀਜ਼ਨ ਪੱਧਰ ’ਤੇ ਕੋਰੋਨਾਵਾਇਰਸ ਦੀ ਹੁਣ ਤੱਕ ਦੀ ਰਿਪੋਰਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਲੈਵਲ 3 ਦੇ ਮਰੀਜ਼ ਠੀਕ ਹੋ ਆਪਣੇ ਘਰਾਂ ਨੂੰ ਵਾਪਸੀ ਕਰ ਚੁੱਕੇ ਹਨ।ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹਾ ਵਾਸੀ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਕੋਰੋਨਾ ਮਹਾਂਮਾਰੀ ਦੇ ਬਚਾਅ ਪ੍ਰਤੀ ਜਾਗਰੂਕ ਕਰੇ।
                ਰਾਮਵੀਰ ਨੇ ਆਪਣੇ ਲਾਈਵ ਪ੍ਰੋਗਰਾਮ ਦੌਰਾਨ ਫੇਸਬੁਕ ’ਤੇ ਖੇੜਵਾਲ ਢੱਡਰੀਆਂ ਵਲੋਂ ਆਏ ਸਵਾਲ ਦੇ ਜਵਾਬ ਦਿੰਦਿਆ ਕਿਹਾ ਕਿ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਕੀਤੀ ਜਾਵੇ, ਜਿਸਦੇ ਨਾਲ ਮਾਸਕ ਲਾਉਣ ਵਾਲੇ ਦਾ ਆਪ ਦਾ ਵੀ ਲਾਭ ਹੈ ਅਤੇ ਸਾਹਮਣੇ ਵਾਲੇ ਦਾ ਵੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਲਫ ਹੈਲਪ ਗਰੁੱਪਾਂ ਰਾਹੀਂ 50 ਹਜ਼ਾਰ ਮਾਸਕ ਬਣਵਾਏ ਜਾ ਰਹੇ ਹਨ ਅਤੇ ਜਲਦੀ ਹੀ ਲੋੜਵੰਦ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਮਾਸਕ ਲਾ ਕੇ ਚੱਲੀਏ ਤਾਂ ਕੋਈ ਜੁਰਮਾਨਾ ਨਹੀ ਹੋ ਸਕਦਾ।
                  ਸੰਦੀਪ ਗਰਗ ਵਲੋਂ ਦੂਜੇ ਰਾਜਾਂ ਤੋਂ ਪੰਜਾਬ ਅੰਦਰ ਕੰਮ ਲਈ ਆਉਣ ਵਾਲੇ ਵਿਅਕਤੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਰਾਮਵੀਰ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆ ਜਾ ਸਕਦੇ ਹਨ।ਰਾਜੇਸ਼ ਗਰਗ ਵਲੋਂ ਕੋਰੋਨਾਵਾਈਰਸ ਦੀ ਉਲੰਘਣਾ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਲੰਘਣਾ ਦੇ ਹਰੇਕ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
                  ਸਾਹਿਲ ਜਿੰਦਲ ਨੇ ਪੱਛਿਆ ਕਿ ਕੋਵਿਡ-19 ਦੇ ਚੱਲਦਿਆਂ ਜਿੰਨਾਂ ਵਲੋਂ ਸਕੂਲੀ ਬੱਚਿਆਂ ਦਾ ਨਾਮ ਕੱਟ ਦਿੱਤਾ ਗਿਆ ਹੈ, ਉਨ੍ਹਾਂ ’ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇ ਜਵਾਬ ’ਚ ਰਾਮਵੀਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਕਾਰ ਦੀ ਹਦਾਇਤਾਂ ਮੁਤਾਬਿਕ ਕਾਰਵਾਈ ਅਮਲ ’ਚ ਲਿਆ ਰਹੇ ਹਨ।ਮੁਹੰਮਦ ਸਾਦਿਕ ਦੇ ਸਵਾਲ ਦੇ ਜਵਾਬ ’ਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ ਅਤੇ ਜਨਤਕ ਥਾਵਾਂ ਬੱਸ ਸਟੈਂਡ, ਦਫ਼ਤਰ ਆਦਿ ਵਿਖੇ ਸਾਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇੇ।ਉਨ੍ਹਾਂ ਕਿਹਾ ਕਿ ਜਿਥੇ ਤੱਕ ਮੈਡੀਕਲ ਸਹੂਲਤਾਂ ਦੀ ਗੱਲ ਹੈ ਉਥੇ ਸਾਰੇ ਹਸਪਤਾਲਾਂ ਅੰਦਰ ਲੋੜੀਂਦੇ ਸਾਧਨ ਮੁਕੰਮਲ ਹਨ। ਜੇਕਰ ਕਿਧਰੇ ਕੋਈ ਘਾਟ ਨਜ਼ਰ ਆਏਗੀ ਤਾਂ ਭਵਿੱਖ ‘ਚ ਲੋੜੀਂਦੀ ਸਮੱਗਰੀ ’ਚ ਹੋਰ ਵਾਧਾ ਕੀਤਾ ਜਾਵੇਗਾ।
            ਕਪਿਲ ਸਿੰਗਲਾ ਵਲੋਂ ਐਤਵਾਰ ਨੂੰ ਸਾਰੀਆ ਦੁਕਾਨਾਂ ਬੰਦ ਹੋਣ ਅਤੇ ਰਾਸ਼ਨ ਦੀ ਆੜ ’ਚ ਦੂਜੇ ਲੋਕਾਂ ਵਲੋਂ ਦੁਕਾਨਾਂ ਖੋਲਣ ਦੇ ਸਵਾਲ ਦਾ ਜਵਾਬ ਦਿੰਦਿਆਂ ਰਾਮਵੀਰ ਨੇ ਕਿਹਾ ਕਿ ਇਸ ਦੇ ਲਈ ਹਰੇਕ ਦੁਕਾਨਦਾਰ ਜ਼ਿਲ੍ਹਾ ਵਾਸੀ ਨੂੰ ਟੀਮ ਦੇ ਤੌਰ ‘ਤੇ ਕੰਮ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣੇ ਛੋਟੇ ਮੋਟੇ ਲਾਲਚ ਕਰਕੇ ਦੂਜਿਆਂ ਦੀ ਜਾਨ ਨੂੰ ਖਤਰੇ ’ਚ ਪਾਉਂਦਾ ਹੈ ਤਾਂ ਉਸ ਤੋਂ ਮਾੜੀ ਕੋਈ ਗੱਲ ਨਹੀ ਹੋ ਸਕਦੀ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਲੋਕ ਹਿੱਤਾਂ ਲਈ ਬੰਦ ਨਹੀ ਕੀਤਾ ਜਾ ਸਕਦਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …