Thursday, July 3, 2025
Breaking News

6 ਮਹੀਨਿਆਂ ‘ਚ ਸ਼ਰਾਬ ਤਸਕਰੀ ਦੇ 334 ਮਾਮਲੇ ਦਰਜ – ਐਸ.ਐਸ.ਪੀ

ਪੁਲਿਸ ਤੇ ਆਬਕਾਰੀ ਵਿਭਾਗ ਵਲੋਂ ਵਿਆਪਕ ਯੋਜਨਾਬੰਦੀ/ਸਬ ਡਵੀਜਨ ਪੱਧਰ ‘ਤੇ ਸਾਂਝੀਆਂ ਟੀਮਾਂ ਦਾ ਗਠਨ
ਕਪੂਰਥਲਾ, 7 ਅਗਸਤ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਕਪੂਰਥਲਾ ਜਸਪ੍ਰੀਤ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਅਤੇ ਵਿਸ਼ੇਸ਼ ਕਰਕੇ ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਵਾਲਿਆਂ ਵਿਰੁੱਧ ਪੂਰੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।ਉਹਨਾਂ ਕਿਹਾ ਕਿ ਕਪੂਰਥਲਾ ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਵਿਆਪਕ ਯੋਜਨਾਬੰਦੀ ਰਾਹੀਂ ਜ਼ਿਲ੍ਹੇ ਅੰਦਰ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਉਚੇਚੇ ਯਤਨ ਆਰੰਭ ਕਰ ਦਿਤੇ ਗਏ ਹਨ।
             ਉਹਨਾਂ ਦੱਸਿਆ ਕਿ ਹਰੇਕ ਸਬ ਡਵੀਜਨ ਪੱਧਰ ‘ਤੇ ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਆਪਸੀ ਤਾਲਮੇਲ ਰਾਹੀਂ ਸ਼ਰਾਬ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਬਿਆਸ ਦਰਿਆ ਦਾ ਲੰਬਾ ਵਹਿਣ ਹੈ ਅਤੇ ਮੰਡ ਖੇਤਰ ‘ਚ ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ।
               ਸ਼ਹਿਰੀ ਖੇਤਰਾਂ ਅੰਦਰ ਨਸ਼ੇ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਦੀ ਤਸਦੀਕ, ਭੂਗੋਲਿਕ ਬਣਤਰ ਬਾਰੇ ਵੀ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਚੁਣੇ ਹੋਏ ਨੁਮਾਇੰਦਿਆਂ, ਸਮਾਜਿਕ ਤੇ ਧਾਰਮਿਕ ਆਗੂਆਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।
              ਕਪੂਰਥਲਾ ਜ਼ਿਲ੍ਹੇ ‘ਚ ਪਿਛਲੇ 6 ਮਹੀਨੇ ਦੌਰਾਨ ਸ਼ਰਾਬ ਦੀ ਤਸਕਰੀ ਦੇ 334 ਮਾਮਲੇ ਦਰਜ਼ ਕੀਤੇ ਗਏ ਹਨ ਜਿਸ ਵਿਚ 344 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹੇ ‘ਚ 95 ਲੱਖ ਮਿਲੀਲੀਟਰ ਤੋਂ ਜ਼ਿਆਦਾ ਨਜਾਇਜ਼ ਸ਼ਰਾਬ, ਜਦਕਿ 183450 ਕਿਲੋ ਲਾਹਣ ਵੀ ਪ੍ਰਾਪਤ ਕੀਤੀ ਗਈ ਹੈ ।
             ਐਸ.ਐਸ.ਪੀ ਨੇ ਇਹ ਵੀ ਦੱਸਿਆ ਕਿ ਸਪਿਰਟ ਅਤੇ ਸੈਨੇਟਾਈਜਰ ਬਣਾਉਣ ਵਾਲੇ ਡੀਲਰਾਂ ਦੀ ਪੜਤਾਲ ਲਈ ਆਬਕਾਰੀ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਨਸ਼ੇ ਅਤੇ ਸ਼ਰਾਬ ਦੀ ਤਸਕਰੀ ਬਾਰੇ ਪੁਲਿਸ ਨੂੰ ਇਤਲਾਹ ਜਰੂਰ ਦੇਣ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …