Tuesday, February 27, 2024

ਪੰਜਾਬ ਪੁਲਿਸ ਨੇ ਪੰਡੋਰੀ ਗੋਲਾ ਵਰਗੇ ਇਕ ਹੋਰ ਨਕਲੀ ਸ਼ਰਾਬ ਵਾਲੇ ਗਿਰੋਹ ਨੂੰ ਕੀਤਾ ਕਾਬੂ, ਮਜੀਠਾ ਤੋਂ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ,

 ਪ੍ਰਮੁੱਖ ਸਪਲਾਇਰ ਤੇ 10 ਖਰੀਦਦਾਰ ਹੋਏ ਫਰਾਰ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਸੂਬੇ ਵਿੱਚ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸਿਕੰਜ਼ਾ ਕੱਸਦੇ ਹੋਏ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਮਜੀਠਾ ਤੋਂ 2 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਇਕ ਹੋਰ ਵੱਡੇ ਨਕਲੀ ਸ਼ਰਾਬ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਹ ਜੋੜੀ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਜਾਣੀ ਜਾਂਦੀ ਹੈ, ਉਹ ਪੰਡੋਰੀ ਗੋਲਾ ਕਿਸਮ ਦੀ ਕਾਰਜ਼ ਵਿਧੀ ਅਨੁਸਾਰ ਨਜਾਇਜ ਸ਼ਰਾਬ ਤਿਆਰ ਕਰਕੇ ਵੇਚਦੇ ਸਨ।ਦੱਸਣਯੋਗ ਹੈ ਪਿੰਡ ਪੰਡੋਰੀ ਗੋਲਾ, ਤਰਨਤਾਰਨ ਵਿਚ ਇਕ ਪਿਤਾ ਅਤੇ ਉਸ ਦੇ ਦੋ ਪੁੱਤਰ ਨਾਜਾਇਜ਼ ਸ਼ਰਾਬ ਦੀ ਸਪਲਾਈ ਵਿਚ ਸ਼ਾਮਲ ਸਨ, ਜਿਨਾਂ ਦੀ ਨਜਾਇਜ਼ ਦਾਰੂ ਕਾਰਨ ਸਭ ਤੋਂ ਵੱਡਾ ਮੌਤ ਦਾ ਦੁਖਾਂਤ ਵਾਪਰਿਆ।
          ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸੇ ਮਾਮਲੇ ਵਿੱਚ ਰਾਜੂ ਨਾਮੀ ਵਿਅਕਤੀ ਫਰਾਰ ਹੈ।ਜਿਸ ਤੋਂ ਗੁਰਵਿੰਦਰ ਅਤੇ ਲਵਪ੍ਰੀਤ ਨੇ ਨਕਲੀ ਸ਼ਰਾਬ ਖਰੀਦੀ ਸੀ।ਗੁਪਤਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਸੁਲਤਾਨਵਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿਚ ਨਜਾਇਜ਼ ਕਾਰੋਬਾਰ ਦੀ ਪੂਰੀ ਲੜੀ ਨੂੰ ਤੋੜਿਆ ਜਾ ਸਕਦਾ ਹੈ।
              ਪੁਲਿਸ ਵਲੋਂ ਬਿੱਕਾ ਨਾਮੀ ਇਕ ਹੋਰ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜਿਸ ਨੇ ਕਥਿਤ ਤੌਰ `ਤੇ ਇਸ ਜੋੜੀ ਤੋਂ ਸ਼ਰਾਬ ਖਰੀਦੀ ਸੀ ਅਤੇ 9 ਹੋਰ ਵਿਅਕਤੀਆਂ ਦੀ ਵੀ ਤਲਾਸ਼ ਹੈ।ਜਿਨ੍ਹਾਂ ਦੀ ਪਛਾਣ ਉਕਤ ਜੋੜੀ ਦੇ ਨਿਯਮਤ ਖਰੀਦਦਾਰਾਂ ਵਜੋਂ ਕੀਤੀ ਗਈ ਹੈ।ਡੀ.ਜੀ.ਪੀ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।9 ਵਿਅਕਤੀਆਂ ਦੀ ਪਛਾਣ ਲਵਪ੍ਰੀਤ ਨੇ ਕੀਤੀ ਹੈ।ਜੋ ਉਸ ਤੋਂ ਬਾਕਾਇਦਾ ਸ਼ਰਾਬ ਖਰੀਦ ਰਹੇ ਸਨ।
ਉਨਾ ਦੱਸਿਆ ਕਿ ਗੁਰਵਿੰਦਰ ਦੇ ਘਰੋਂ, ਜਿਥੋਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਕੁੱਲ 160 ਲੀਟਰ ਨਕਲੀ ਸ਼ਰਾਬ 40 ਲੀਟਰ ਦੀ ਸਮਰੱਥਾ ਦੇ 4 ਕੇਨਾਂ ਵਿੱਚ, 200 ਲੀਟਰ ਦੀ ਸਮਰੱਥਾ ਦੇ 2 ਖਾਲੀ ਡਰੱਮ, 40 ਲੀਟਰ ਦੀ ਸਮਰੱਥਾ ਦੀਆਂ 2 ਖਾਲੀ ਕੇਨ, ਅਤੇ 2-3 ਲੀਟਰ ਦੇ 7 ਛੋਟੇ ਪਾਊਚ ਵੀ ਜ਼ਬਤ ਕੀਤੇ ਗਏ ਹਨ।
                 ਐਸ.ਐਚ.ਓ ਮਜੀਠਾ ਨੂੰ ਮਿਲੀ ਸੂਹ ਮੁਤਾਬਿਕ ਇਹ ਗ੍ਰਿਫਤਾਰੀ ਸੁਵਖਤੇ ਕੀਤੀ ਛਾਪੇਮਾਰੀ ਦੌਰਾਨ ਕੀਤੀ ਗਈ।ਡੀ.ਜੀ.ਪੀ ਨੇ ਦੱਸਿਆ ਕਿ ਏ.ਐਸ.ਆਈ ਮੁਖਤਿਆਰ ਸਿੰਘ ਅਤੇ ਏ.ਐਸ.ਆਈ ਨਿਰਮਲ ਸਿੰਘ ਦੀ ਅਗਵਾਈ ਵਿੱਚ ਮਜੀਠਾ ਪੁਲਿਸ ਪਾਰਟੀ ਨੇ ਇਹ ਛਾਪੇਮਾਰੀ ਕੀਤੀ।
ਉਨਾ ਕਿਹਾ ਕਿ ਜ਼ਬਤ ਕੀਤੀ ਗਈ ਸ਼ਰਾਬ ਦੇ ਰਸਾਇਣਕ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਹੈ ਕਿ ਇਹ ਸ਼ਰਾਬ ਪੂਰੀ ਤਰਾਂ ਨਕਲੀ ਅਤੇ ਪੀਣ ਦੇ ਪੂਰੀ ਤਰਾਂ ਅਯੋਗ ਸੀ।ਡੀ.ਜੀ.ਪੀ ਨੇ ਅੱਗੇ ਕਿਹਾ ਕਿ ਇਸ ਦੇ ਮੁੱਖ ਰਸਾਇਣਿਕ ਤੱਤਾਂ ਵਿਚ 1- ਪ੍ਰੋਪੇਨਲ, ਆਈਸੋ ਬੂਟੋਨੋਲ, ਐਸੀਟੋਲ, ਈਥਾਈਲ ਲੈਕਟੇਟ ਅਤੇ ਈਥਾਈਲ ਹੈਕਸਾਜ਼ੋਨੇਟ ਸ਼ਾਮਲ ਸਨ।
               ਲਵਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਰਾਜੂ ਵਿਰੁੱਧ ਥਾਣਾ ਮਜੀਠਾ ਵਿਖੇ ਐਫ.ਆਈ.ਆਰ ਨੰਬਰ 150, ਆਈ ਪੀ.ਸੀ.ਦੀ ਧਾਰਾ 307, 61, 1, 14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
                ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਮਾਫੀਆ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਵਲੋਂ ਸੂਬਾ ਪੱਧਰੀ ਛਾਪੇਮਾਰੀ ਜਾਰੀ ਹਨ।ਜਿਸ ਨਾਲ 24 ਘੰਟਿਆਂ ਵਿੱਚ ਦਰਜ਼ 146 ਮਾਮਲਿਆਂ ਵਿੱਚ 100 ਹੋਰ ਗ੍ਰਿਫਤਾਰੀਆਂ ਹੋਈਆਂ ਹਨ।
ਡੀ.ਜੀ.ਪੀ ਨੇ ਕਿਹਾ ਕਿ ਉਨਾਂ ਨੇ ਜ਼ਿਲਾ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਹ ਸਖਤ ਚੌਕਸੀ ਨੂੰ ਯਕੀਨੀ ਬਣਾਉਣ ਲਈ ਆਪਣੇ ਸਬੰਧਤ ਜ਼ਿਲਿਆਂ ਵਿੱਚ ਡਿਸਟਿਲਰੀਆਂ ਵਿੱਚ ਕੰਮ ਕਰ ਰਹੇ ਸਾਰੇ ਵਿਅਕਤੀਆਂ (ਟਰਾਂਸਪੋਰਟਰਾਂ, ਡਰਾਈਵਰਾਂ, ਕਾਮਿਆਂ ਆਦਿ) ਦੇ ਵੇਰਵੇ ਇਕੱਤਰ ਕਰਨ।ਉਨਾਂ ਇਹ ਵੀ ਦੱਸਿਆ ਕਿ ਕੱਲ ਤਰਨਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਨੌਜਵਾਨ ਸਿੱਧੇ ਪੀ.ਪੀ.ਐਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਨਾਜਾਇਜ਼ ਸ਼ਰਾਬ ਅਤੇ ਨਸ਼ਿਆਂ ਵਿਰੁੱਧ ਵਧੇਰੇ ਕਾਰਗਰ ਢੰਗ ਨਾਲ ਨਜਿੱਠਿਆ ਜਾ ਸਕੇ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …