Wednesday, September 18, 2024

ਨਿਊਜ਼ੀਲੈਂਡ ’ਚ ਸਿੱਖ ਨੂੰ ਕੰਮ ਦੌਰਾਨ ਕ੍ਰਿਪਾਨ ਪਹਿਨਣ ਤੋਂ ਰੋਕਣਾ ਮੰਦਭਾਗਾ- ਲੌਂਗੋਵਾਲ

ਭਾਰਤ ਸਰਕਾਰ ਨੂੰ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਉਣ ਦੀ ਕੀਤੀ ਅਪੀਲ

ਅੰਮ੍ਰਿਤਸਰ, 14 ਅਗਸਤ (ਗੁਰਪ੍ਰੀਤ ਸਿੰਘ) – ਨਿਊਜ਼ੀਲੈਂਡ ਦੀ ਇਕ ਟਰਾਂਸਪੋਰਟ ਕੰਪਨੀ ਵਲੋਂ ਸਿੱਖ ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਹਿਣ ਕੇ ਕੰਮ ’ਤੇ ਆਉਣ ਤੋਂ ਰੋਕਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ ਹੈ।ਉਨਾਂ ਨੇ ਆਖਿਆ ਕਿ ਅੰਮ੍ਰਿਤਧਾਰੀ ਸਿੱਖਾਂ ਲਈ ਕ੍ਰਿਪਾਨ ਕਕਾਰਾਂ ਦਾ ਇਕ ਅਹਿਮ ਹਿੱਸਾ ਹੈ, ਜੋ ਸਿੱਖ ਰਹਿਣੀ ਅਨੁਸਾਰ ਲਾਜ਼ਮੀ ਹੈ।ਪਰੰਤੂ ਨਿਊਜ਼ੀਲੈਂਡ ਅੰਦਰ ਉਟਾਹੂਹੂ ਦੀ ਇਕ ਟਰਾਂਸਪੋਰਟ ਕੰਪਨੀ ਵੱਲੋਂ ਅਮਨਦੀਪ ਸਿੰਘ ਨਾਂ ਦੇ ਗੁਰਸਿੱਖ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਾਜਣ ਸਮੇਂ ਬਖ਼ਸ਼ੀ ਪੰਜ ਕਕਾਰੀ ਰਹਿਣੀ ਵਿਚ ਕਿਰਪਾਨ ਨੂੰ ਜ਼ਰੂਰੀ ਕਰਾਰ ਦਿੱਤਾ ਸੀ। ਇਹ ਖ਼ਾਲਸਾਈ ਰਹਿਣੀ ਦਾ ਅਹਿਮ ਅੰਗ ਹੈ। ਅੱਜ ਦੇਸ਼ ਦੁਨੀਆਂ ਅੰਦਰ ਅੰਮ੍ਰਿਤਧਾਰੀ ਸਿੱਖ ਕ੍ਰਿਪਾਨ ਸਮੇਤ ਆਪਣੇ ਕਕਾਰ ਪਹਿਣ ਕੇ ਵਿਚਰਦੇ ਹਨ।ਵੱਖ-ਵੱਖ ਦੇਸ਼ਾਂ ਅੰਦਰ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀ ਗਿਣਤੀ ਵਿਚ ਅੰਮ੍ਰਿਤਧਾਰੀ ਗੁਰਸਿੱਖ ਵੀ ਹਨ।ਅਜਿਹੇ ਵਿਚ ਨਿਊਜ਼ੀਲੈਂਡ ਅੰਦਰ ਕ੍ਰਿਪਾਨ ਪਹਿਨਣ ਕਾਰਨ ਸਿੱਖ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ ਹੈ।ਲੌਂਗੋਵਾਲ ਨੇ ਕਿਹਾ ਕਿ ਇਸ ਦਾ ਭਾਰਤ ਸਰਕਾਰ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।ਵਿਦੇਸ਼ ਮੰਤਰਾਲੇ ਰਾਹੀਂ ਨਿਊਜ਼ੀਲੈਂਡ ਸਰਕਾਰ ਨਾਲ ਰਾਬਤਾ ਕਰਕੇ ਸਿੱਖਾਂ ਦੇ ਧਾਰਮਿਕ ਕਕਾਰਾਂ ਦੇ ਸਤਿਕਾਰ ਨੂੰ ਲਾਜ਼ਮੀ ਕਰਨ ਲਈ ਭਾਰਤ ਸਰਕਾਰ ਅੱਗੇ ਆਵੇ।ਇਸੇ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਨਿਊਜ਼ੀਲੈਂਡ ਦੇ ਸਿੱਖ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਉਥੋਂ ਦੀ ਸਰਕਾਰ ਪਾਸ ਉਠਾਉਣ, ਤਾਂ ਜੋ ਅੱਗੇ ਤੋਂ ਹੋਰ ਕਿਸੇ ਨੂੰ ਇਸ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …