Sunday, December 22, 2024

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ।

ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ।
ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ।
ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ।
ਭਾਰਤ ਦੇਸ਼ ਨੂੰ…

ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ।
ਇੱਕੋ ਜੋਤ ਤੋਂ ਪੈਦਾ ਹੋਏ, ਭਾਵੇਂ ਰੰਗ-ਬਿਰੰਗੇ ਨੇ।
ਗਲੀ-ਗਲੀ ਵਿਚ ਜਾ ਕੇ ਸਭ ਨੂੰ, ਨਵ-ਸੰਗੀਤ ਸੁਣਾਉਣਾ ਹੈ।
ਭਾਰਤ ਦੇਸ਼ ਨੂੰ…

ਕਵੀ-ਕਵੀਸ਼ਰਾਂ, ਸਾਹਿਤਕਾਰਾਂ ਨੇ, ਐਸੀ ਕਲਮ ਚਲਾਈ ਹੈ।
ਆਪੋ-ਆਪਣੀ ਭਾਸ਼ਾ ਵਿੱਚ, ਏਕੇ ਦੀ ਜਾਚ ਸਿਖਾਈ ਹੈ।
ਭੁੱਲਿਆਂ ਤੇ ਰੁੱਸਿਆਂ ਹੋਇਆਂ ਨੂੰ, ਮਾਨਵ-ਪਾਠ ਪੜ੍ਹਾਉਣਾ ਹੈ।
ਭਾਰਤ ਦੇਸ਼ ਨੂੰ…

ਇਸ ਧਰਤੀ ‘ਤੇ ਰਲ ਕੇ ਰਹਿੰਦੇ, ਮੁਸਲਿਮ, ਸਿੱਖ ਜਾਂ ਹਿੰਦੂ ਨੇ।
ਸਾਂਝ ਇਨ੍ਹਾਂ ਵਿੱਚ ਪੱਕੀ-ਪੀਡੀ, ਹਿੰਦ-ਗਗਨ ਦੇ ਇੰਦੂ ਨੇ।
ਏਕੇ ਵਿੱਚ ਏਦਾਂ ਹੀ ਹਰਦਮ, ਸੁਰ ਤੇ ਤਾਲ ਮਿਲਾਉਣਾ ਹੈ।
ਭਾਰਤ ਦੇਸ਼ ਨੂੰ…

ਧਰਤ ਨੂੰ ਰੱਖੀਏ ਹਰੀ-ਭਰੀ ਤੇ, ਨਸ਼ਿਆਂ ਤੋਂ ਬੱਸ ਦੂਰ ਰਹੀਏ।
ਮੰਦਾ ਬੋਲ ਨਾ ਮੂੰਹੋਂ ਕੱਢੀਏ, ਨਾਲ ਮੁਹੱਬਤ ਮਿਲ ਬਹੀਏ।
ਨਾਲ `ਰੂਹੀ` ਦੇ `ਕੱਠੇ ਹੋ ਕੇ, ਗੀਤ ਆਜ਼ਾਦੀ ਗਾਉਣਾ ਹੈ।
ਭਾਰਤ ਦੇਸ਼ ਨੂੰ…

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। 150820

ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ (ਬਠਿੰਡਾ)।
ਮੋ – 9417692015

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …