Thursday, November 21, 2024

ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ (ਮਿੰਨੀ ਕਹਾਣੀ)

ਇੱਕ ਬਜੁਰਗ ਕਹਿ ਰਿਹਾ ਸੀ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“

ਨੌਜਵਾਨ ਨੇ ਬਜ਼ੁਰਗ ਦੀ ਗੱਲ ਗੰਭੀਰਤਾ ਨਾਲ ਨਾ ਲੈਂਦਿਆਂ ਕਿਹਾ, ਸਾਨੂੰ ਰੋਜ਼ਗਾਰ ਨਹੀਂ ਮਿਲਦਾ, ਕਿਸਾਨਾਂ ਤੇ ਮਜ਼ਦੂਰਾਂ ਦਾ ਛੋਟਾ-ਛੋਟਾ ਕਰਜ਼ਾ ਵੀ ਨਹੀਂ ਲਹਿੰਦਾ, ਸਵੇਰ ਤੋਂ ਸ਼ਾਮ ਤੱਕ ਦਿਨ ਨਹੀਂ ਬੀਤਦਾ।

ਬਜ਼ੁਰਗ ਫਿਰ ਕਹਿੰਦਾ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“
ਨੌਜਵਾਨ ਸੁਣ ਕੇ ਚਲਾ ਗਿਆ।

ਸਵੇਰੇ-ਸਵੇਰੇ ਨੌਜਵਾਨ ਬਜ਼ੁਰਗ ਨੂੰ ਮੁੜ ਟੱਕਰ ਗਿਆ, ਤਾਂ ਕਹਿੰਦਾ ਸਾਡੇ ਦੇਸ਼ ਕੋਲ ਪੈਸਾ ਬਹੁਤ ਐ, ਬਸ ਗਰੀਬਾਂ ਕੋਲ ਨਹੀਂ! ਮੇਰੀਆਂ ਦੋ ਵੱਡੀਆਂ ਭੈਣਾਂ ਦੇ ਵਿਆਹਾਂ ਦੀ ਚਿੰਤਾ ਏ, ਦਾਜ਼ ਦੀ ਚਿੰਤਾ ਏ, ਬਿਨਾਂ ਨਸ਼ੇ ਪੱਤੇ ਵਾਲੇ ਚੰਗੇ ਰਿਸ਼ਤੇ ਕਿਸਮਤ ਨਾਲ ਹੀ ਮਿਲਦੇ ਨੇ ਬਾਬਿਓ!”

ਬਜ਼ੁਰਗ ਫਿਰ ਕਹਿੰਦਾ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“
ਮਾਯੂਸ ਹੋ ਕੇ ਨੌਜਵਾਨ ਕਾਹਲੀ-ਕਾਹਲੀ ਪੈਰ ਪੁੱਟਦਾ ਹੋਇਆ ਅੱਗੇ ਨਿਕਲ ਗਿਆ।

ਹਫਤੇ-ਕੁ ਬਾਅਦ ਪਿੱਪਲ ਥੱਲੇ ਬੈਠੇ ਬਜ਼ੁਰਗ ਨੇ ਨੌਜਵਾਨ ਨੂੰ ਕਿਹਾ ‘ਆ ਜਾ ਛਾਂ ਲੈ ਲਾ।”
ਨੌਜਵਾਨ ਕਹਿੰਦਾ, ਮੇਰਾ ਪਿਓ ਨਿੱਕੇ ਹੁੰਦਿਆਂ ਹੀ ਮਰ ਗਿਆ ਸੀ, ਮਾਂ ਨੇ ਲੋਕਾਂ ਦੇ ਭਾਂਡੇ ਮਾਂਜ਼ ਕੇ ਸਿੱਟੇ ਚੁਗ ਕੇ, ਲੋਕਾਂ ਦੀਆਂ ਰੋਟੀਆਂ ਪਕਾ ਕੇ ਪਾਲਿਆ, ਘਰ ਵੀ ਤੇ ਬਾਹਰ ਵੀ ਕੁੱਝ ਦਿਸਦਾ ਨਹੀਂ।“

ਬਜੁਰਗ ਨੇ ਇੱਕ ਵਾਰ ਫਿਰ ਉਹੀ ਗੱਲ ਦੁਹਰਾਈ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“
ਨੌਜਵਾਨ ਕਾਹਲਾ ਪੈ ਗਿਆ ਤੇ ਪੁੱਛਿਆ, ਆਖਿਰ ਇਸ ਦਾ ਮਤਲਾਬ ਕੀ ਹੋਇਆ?“

ਬਜੁਰਗ ਕਹਿੰਦਾ, ਕਾਕਾ, ਇਸ ਮੁਲਕ ਨੂੰ ਅੱਗ ਲੱਗੀ ਹੋਈ ਏ, ਜਿਵੇਂ ਕਣਕ ਨੂੰ ਅੱਗ ਲਗਦੀ ਏ! ਅੱਗ ਬੁਝਾਉਣ ਵਾਲੇ ਵੀ ਹੈ ਨੇ, ਨਹਿਰ ਵੀ ਵਿਚੋਂ ਦੀ ਵਗਦੀ ਪਈ ਏ! ਪਰ ਨਹਿਰ ਆਪਣੇ ਆਪ ਤਾਂ ਨਹੀਂ ਕਿਨਾਰੇ ਤੋੜ ਕੇ ਬਾਹਰ ਕਣਕ ਨੂੰ ਲੱਗੀ ਅੱਗ ਬੁਝਾ ਨਹੀਂ ਸਕਦੀ।ਹੁਣ ਲੋੜ ਹੈ, ਮੋਟੇ ਕਿਨਾਰੇ ਤੋੜਣ ਦੀ ਤੇ ਅੱਗ ‘ਚ ਝੁਲਸਦੇ ਛੋਟੇ ਬੂਟੇ, ਆਲ੍ਹਣੇ, ਜੀਵ-ਜੰਤੂ ਬਚਾਉਣ ਦੀ ਲੋੜ ਹੈ, ਪਾਣੀ ਛੱਡਣ ਦੀ। 150820

ਵਿਜੇ ਕੁਮਾਰ ‘ਤਾਲਿਬ’
ਗੁਰਦਾਸਪੁਰ।
ਮੋ – 94177 36610

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …