ਅੰਮ੍ਰਿਤਸਰ, 29 ਅਗਸਤ (ਦੀਪ ਦਵਿੰਦਰ ਸਿੰਘ) – ਭਾਰਤ ਪੰਜਾਬ ਦੇ ਨਾਮਵਰ ਚਿੱਤਰਕਾਰ ਅਤੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਰਹੇ ਮੇਹਰ ਸਿੰਘ ਦੇ
ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ, ਗੁਰਭਜਨ ਸਿੰਘ ਗਿੱਲ, ਕੇਵਲ ਧਾਲੀਵਾਲ, ਚਿਤਰਕਾਰ ਕੁਲਵੰਤ ਸਿੰਘ ਗਿੱਲ, ਸਤਪਾਲ ਦਾਨਿਸ਼, ਪ੍ਰਸਿੱਧ ਫੋਟੋਗ੍ਰਾਫਰ ਹਰਭਜਨ ਬਾਜਵਾ ਵਟਾਲਾ, ਜੈਤੇਗ ਸਿੰਘ ਅਨੰਤ ਅਤੇ ਆਰ.ਐਨ ਸਿੰਘ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦੀ ਸੇਵਾ ਨਿਭਾਅ ਰਹੇ ਬੇਦੀ ਨੇ ਕਿਹਾ ਕਿ ਮੇਹਰ ਸਿੰਘ ਨੇ ਸਿੱਖ ਇਤਿਹਾਸ ਨੂੰ ਚਿੱਤਰਣ ਵਿੱਚ ਜੋ ਯਾਦਗਾਰੀ ਭੂਮਿਕਾ ਨਿਭਾਈ ਹੈ ਉਹ ਮੇਹਰ ਸਿੰਘ ਦੇ ਨਾਮ ਨੂੰ ਹਮੇਸ਼ਾਂ ਜਿਉਂਦਾ ਰੱਖੇਗੀ।ਮੇਹਰ ਸਿੰਘ ਨਵੇਂ ਚਿੱਤਰਕਾਰਾਂ ਲਈ ਮਾਰਗ ਦਰਸ਼ਕ ਸਨ।ਉਨਾਂ ਕਿਹਾ ਕਿ ਮੇਹਰ ਸਿੰਘ ਚਿੱਤਰਕਾਰ ਨੇ ਅਮਰੀਕਨ ਦੂਤਘਰ ਵਿਖੇ ਬਤੌਰ ਆਰਟਿਸਟ ਕੰਮ ਵੀ ਕੀਤਾ।ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਰੰਗਾਂ ਨੂੰ ਜਿਊਂਦਾ ਰੱਖਣ ਤੇ ਬੋਲਣ ਦੀ ਸਮਰੱਥਾ ਵਾਲਾ ਚਿੱਤਰਕਾਰ ਸੀ।ਉਸ ਕੋਲੋਂ ਡਾ. ਐਮ.ਐਸ ਰੰਧਾਵਾ ਨੇ ਵੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਿਖੇ ਬਹੁਤ ਕੰਮ ਕਰਵਾਇਆ ਹੈ।ਚਿੱਤਰਕਾਰ ਕੁਲਵੰਤ ਸਿੰਘ ਸਿੰਘ ਗਿੱਲ ਨੇ ਕਿਹਾ ਕਿ ਪੋਰਟਰੇਟ ਤੇ ਉਨ੍ਹਾਂ ਦਾ ਕੰਮ ਯਾਦਗਾਰੀ ਹੈ।ਸੱਤਪਾਲ ਦਾਨਿਸ਼ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਚਿੱਤਰਣ ਵਿਚ ਉਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਸੀ ਤੇ ਉਹ ਸੋਭਾ ਸਿੰਘ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੇ ਸੰਪਰਕ ‘ਚ ਰਹੇ।ਜੈਤੇਗ ਸਿੰਘ ਅਨੰਤ ਤੇ ਚਿੱਤਰਕਾਰ ਆਰ.ਐਨ ਸਿੰਘ ਨੇ ਕਿਹਾ ਕਿ ਸੋਭਾ ਸਿੰਘ ਮਗਰੋਂ ਯਥਾਰਥ ਕਲਾ ਵਿੱਚ ਕੰਮ ਕਰਨ ਵਾਲੇ ਉਹ ਵਾਹਿਦ ਚਿੱਤਰਕਾਰ ਸਨ।
ਬੇਦੀ ਨੇ ਦੱਸਿਆ ਕਿ ਮੇਹਰ ਸਿੰਘ ਨੂੰ ਵੱਖ-ਵੱਖ ਸੰਸਥਾਵਾਂ ਨੇ ਸਨਮਾਨ ਦੇ ਕੇ ਨਿਵਾਜਿਆ।ਉਹ ਪੰਜਾਬ ਲਲਿਤ ਕਲਾਂ ਅਕੈਡਮੀ ਦੇ ਪ੍ਰਧਾਨ ਅਤੇ ਪੰਜਾਬ ਆਰਟ ਕੌਸਲ ਦੇ ਮੀਤ ਪ੍ਰਧਾਨ ਰਹੇ।ਚਿੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਵਲੋਂ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।ਉਹ ਦਿੱਲੀ ਵਿਖੇ ਜ਼ੇਰੇ ਇਲਾਜ ਸਨ ਜਿਥੇ ਉਨ੍ਹਾਂ ਨੇ 26 ਅਗਸਤ ਨੂੰ ਆਖਰੀ ਸਾਹ ਲਿਆ।ਮੇਹਰ ਸਿੰਘ ਬੜੀ ਮਿਲਾਪੜੀ ਰੂਹ ਵਾਲੇ ਦਿਲਦਾਰ ਵਿਅਕਤੀ ਸਨ।ਉਨ੍ਹਾਂ ਦੀ ਮੌਤ ਨਾਲ ਪਿਆ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ।