ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ‘ਇੰਡੀਅਨ ਬਿਜ਼ਨਸ ਡੇਲੀਗੇਸ਼ਨ’ ਵਜੋਂ ਨਾਰਵੇ ਤੇ ਫ਼ਿਨਲੈਂਡ ਦਾ ਕੀਤਾ ਦੌਰਾ

ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ‘ਇੰਡੀਅਨ ਬਿਜ਼ਨਿਸ ਡੇਲੀਗੇਸ਼ਨ’ ਦੇ ਤੌਰ ਤੇ ਨਾਰਵੇ ਅਤੇ ਫ਼ਿਨਲੈਂਡ ਦਾ ਦੌਰਾ ਕਰਕੇ ਵਤਨ ਪਰਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਦਾ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚਣ ਤੇ ਸੰਸਥਾ ਦੇ ਸਮੁੱਚੇ ਸਟਾਫ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਨਾਰਵੇ ਅਤੇ ਫ਼ਿਨਲੈਂਡ ਦੇ ਦੌਰੇ ਤੇ ਗਏ ‘ਇੰਡੀਅਨ ਬਿਜ਼ਨਿਸ ਡੇਲੀਗੇਸ਼ਨ’ ਵਿੱਚ ਸਿੱਖਿਆ ਖੇਤਰ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਪੰਜਾਬ ਭਰ ਚੋਂ ਕੇੇਵਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਮਿਲਿਆ ਸੀ।ਅੱਜ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚੇ ਚੇਅਰਮੈਨ ਧਾਲੀਵਾਲ ਦਾ ਰੈਡ ਕਾਰਪਟ (ਆਲੀਸ਼ਾਨ) ਸਵਾਗਤ ਕੀਤਾ ਗਿਆ ਅਤੇ ਇਸ ਸਫ਼ਲਤਾ ਦੀ ਖੁਸ਼ੀ ਕੇਕ ਕੱਟ ਕੇ ਮਨਾਈ ਗਈ।ਸੰਸਥਾ ਦੀ ਡਾਇਰੈਕਟਰ ਐਡਮਨ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ, ਡਿਪਟੀ ਡਾਇਰੈਕਟਰਜ਼, ਬਾਬਾ ਫ਼ਰੀਦ ਗਰੁੱਪ ਦੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨ ਅਤੇ ਵੱਖ-ਵਿਭਾਗਾਂ ਦੇ ਮੁੱਖੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਅਤੇ ਇਸ ਇਤਿਹਾਸਕ ਉਪਲੱਬਧੀ ਲਈ ਵਧਾਈ ਦਿੱਤੀ।ਗੁਰਮੀਤ ਸਿੰਘ ਧਾਲੀਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਰਾਸ਼ਟਰਪਤੀ ਭਵਨ ਵਿਖੇ ਮਾਨਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਰਾਊਂਡ ਟੇਬਲ ਮੀਟਿੰਗ ਕਰਨ ਦਾ ਮੌਕਾ ਮਿਲਣਾ ਅਤੇ ਉਨ੍ਹਾਂ ਨਾਲ ਨਾਰਵੇ ਅਤੇ ਫ਼ਿਨਲੈਂਡ ਦੇ ਦੌਰੇ ਤੇ ਗਏ ‘ਇੰਡੀਅਨ ਬਿਜ਼ਨਿਸ ਡੇਲੀਗੇਸ਼ਨ’ ਵਿੱਚ ਸਿੱਖਿਆ ਖੇਤਰ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਮਿਲਣਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਬੜੇ ਸਨਮਾਨ ਵਾਲੀ ਗੱਲ ਹੈ।ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਭਵਨ ਵਿਖੇ ਹੋਈ ਮੀਟਿੰਗ ਵਿੱਚ ਉਨਾਂ ਨੂੰ ਡੇਲੀਗੇਟ ਵਜੋਂ ਆਪਣੀ ਜਾਣ ਪਹਿਚਾਣ ਕਰਵਾਉਣ ਦਾ ਮੌਕਾ ਸਭ ਤੋਂ ਪਹਿਲਾਂ ਮਿਲਿਆ ਅਤੇ ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਮਾਨਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਆਪਣੇ ਅੱਧੇ ਘੰਟੇ ਦੇ ਵਾਰਤਾਲਾਪ ਦੌਰਾਨ 15 ਮਿੰਟ ਉਨ੍ਹਾਂ ਵੱਲ ਸੰਬੋਧਨ ਕਰਦਿਆਂ ਕੇਵਲ ਸਿੱਿਖਆ ਖੇਤਰ ਬਾਰੇ ਹੀ ਚਰਚਾ ਕੀਤੀ। ਧਾਲੀਵਾਲ ਨੇ ਦੱਸਿਆ ਕਿ ਭਾਰਤ ਭਰ ਚੋਂ ਕਿਸੇ ਪ੍ਰਾਈਵੇਟ ਵਿਦਿਅਕ ਅਦਾਰੇ ਨੂੰ ਸ਼ਾਇਦ ਹੀ ਏਨੀ ਤਰਜੀਹ ਮਿਲੀ ਹੋਵੇ ਜਿੰਨੀ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਇਸ ਵਿਚਾਰ ਚਰਚਾ ਵਿੱਚ ਮਿਲੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦੇਸ਼ੀ ਦੌਰੇ ਦੌਰਾਨ ਉਨਾਂ ਨੇ ਨਾਰਵੇ ਅਤੇ ਫਿਨਲੈਂਡ ਦੇ ਚੋਟੀ ਦੇ ਵਿਦਿਅਕ ਅਦਾਰਿਆਂ ਦਾ ਦੌਰਾ ਕੀਤਾ ਅਤੇ ਸਿੱਖਿਆ ਦੇ ਉਥਾਨ ਲਈ ਵਿਚਾਰ ਸਾਂਝੇ ਕੀਤੇ। ਇਸ ਡੇਲੀਗੇਸ਼ਨ ਤੇ ਜਾਣ ਸਦਕਾ ਦੇਸ਼ ਅਤੇ ਵਿਦੇਸ਼ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਹੋਇਆ ਹੈ ਅਤੇ ਹੁਣ ਦੁਨੀਆਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਉਨਾਂ ਨਾਲ ਹੱਥ ਮਿਲਾਉਣ ਲਈ ਤਿਆਰ ਹਨ। ਧਾਲੀਵਾਲ ਨੇ ਕਿਹਾ ਕਿ ਉਹ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕਗਾਰ ਤੇ ਹਨ ਅਤੇ ਇਸ ਲਈ ਉਹ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ।ਉਨ੍ਹਾਂ ਨੇ ਦੱਸਿਆ ਕਿ ਭਲਕੇ ਉਹ ਦੁਨੀਆਂ ਦੀਆਂ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਗਿਣੀ ਜਾਣ ਵਾਲੀ ‘ਯੂਨੀਵਰਸਿਟੀ ਆਫ਼ ਓਸਲੋ’ ਨਾਲ ਐਮ. ਓ. ਯੂ. ਕਰਨ ਜਾ ਰਹੇ ਹਨ।ਇਸ ਉਪਲੱਬਧੀ ਨਾਲ ਸਿੱਖਿਆ ਦੇ ਖੇਤਰ ਵਿੱਚ ਨਵੇਂ ਆਯਾਮ ਸਿਰਜਣ ਲਈ ਜਿਥੇ ਸੰਸਥਾ ਲਈ ਨਵੇਂ ਰਸਤੇ ਖੁੱਲਣਗੇ ਅਤੇ ਉਥੇ ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਦੇ ਪ੍ਰੋਗਰਾਮਾਂ ਨੂੰ ਵੀ ਬਲ ਮਿਲੇਗਾ।
Punjab Post Daily Online Newspaper & Print Media