Saturday, October 24, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਨਾਇਆ ਗਿਆ ਪੰਜਾਬੀ ਸਪਤਾਹ

ਵੈਬੀਨਾਰ, ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਦਾ ਕਰਵਾਇਆ ਗਿਆ ਆਯੋਜਨ
ਅੰਮ੍ਰਿਤਸਰ, 7 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬ ਸਰਕਾਰ ਅਤੇ ਮਾਣਯੋਗ ਵਾਈਸ-ਚਾਂਸਲਰ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਪੰਜਾਬੀ ਸਪਤਾਹ ਨੂੰ ਮਨਾਉਣ ਹਿੱਤ ਸਮਾਗਮਾਂ ਦੀ ਲੜੀ ਵਿਚ ਵੈਬੀਨਾਰ, ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਏ ਗਏ।
                 ਪਹਿਲੇ ਦਿਨ ਪੰਜਾਬੀ ਭਾਸ਼ਾ ਨੂੰ ਸਮਰਪਿਤ `ਪੰਜਾਬੀ ਭਾਸ਼ਾ : ਵਰਤਮਾਨ ਦ੍ਰਿਸ਼ ਤੇ ਦ੍ਰਿਸ਼ਟੀ` ਵਿਸ਼ੇ ‘ਤੇ ਵੈਬੀਨਾਰ ਕਰਵਾਇਆ ਗਿਆ।ਪ੍ਰਮੁੱਖ ਵਕਤਾ ਡਾ. ਮਨਮੋਹਨ (ਆਈ.ਪੀ.ਐਸ) ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਸਨ।ਡਾ. ਮਨਮੋਹਨ ਨੇ ਆਪਣੇ ਭਾਸ਼ਣ ਦੌਰਾਨ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ’ਤੇ ਚਰਚਾ ਕਰਦਿਆਂ ਇਸਦੇ ਇਤਿਹਾਸਕ, ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਭਿਆਚਾਰਕ ਪਾਸਾਰਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ। ਡਾ. ਪਰਮਜੀਤ ਸਿੰਘ ਢੀਂਗਰਾ ਨੂੰ ਪੰਜਾਬੀ ਭਾਸ਼ਾ ਦੇ ਵਿਸਤ੍ਰਿਤ ਇਤਿਹਾਸ ’ਤੇ ਚਰਚਾ ਕਰਦਿਆਂ ਕਿਹਾ ਕਿ ਸਮੇਂ-ਸਮੇਂ ਸੱਤਾਵਾਦੀਆਂ ਨੇ ਪੰਜਾਬੀ ਭਾਸ਼ਾ ਨੂੰ ਦਬਾਉਣ ਦੇ ਅਨੇਕ ਯਤਨ ਕੀਤੇ ਪ੍ਰੰਤੂ ਇਸ ਦੇ ਦਾਨਿਸ਼ਵਰਾਂ ਨੇ ਅਜਿਹੀਆਂ ਲੋਕ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ।ਸਮਾਗਮ ਦੇ ਦੂਸਰੇ ਦਿਨ ਪੰਜਾਬੀ ਅਧਿਐਨ ਸਕੂਲ ਵਿਚ ‘‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ : ਚੁਨੌਤੀਆਂ ਅਤੇ ਸੰਭਾਵਨਾਵਾਂ’’ ਵਿਸ਼ੇ ਉਪਰ ਗੋਸ਼ਟੀ ਕਰਵਾਈ ਗਈ।
                  ਪ੍ਰੋਗਰਾਮ ਦੇ ਆਰੰਭ ਵਿਚ ਵਿਭਾਗ ਦੇ ਪ੍ਰੋਫ਼ੈਸਰ ਤੇ ਮੁਖੀ ਡਾ. ਰਮਿੰਦਰ ਕੌਰ ਨੇ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਜਿੱਥੇ ਸਰਕਾਰਾਂ ਆਪਣੀ ਭੂਮਿਕਾ ਨਿਭਾਉਂਦੀਆਂ ਹਨ ਉੱਥੇ ਹਰੇਕ ਪੰਜਾਬੀ ਦੀ ਵੀ ਇਸ ਦੇ ਵਿਕਾਸ ਪ੍ਰਤੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।ਇਸ ਸਮਾਗਮ ਦਾ ਸੰਚਾਲਨ ਡਾ. ਬਲਜੀਤ ਕੌਰ ਦੁਆਰਾ ਕੀਤਾ ਗਿਆ।ਇਸ ਦੌਰਾਨ ਵਿਭਾਗ ਦੇ ਅਧਿਆਪਕ ਕੰਵਲਦੀਪ ਕੌਰ ਨੇ ਪੰਜਾਬੀ ਭਾਸ਼ਾ ਨੂੰ ਜੀਵੰਤ ਮੰਨਦਿਆਂ ਵਿਭਿੰਨ ਭਾਸ਼ਾਵਾਂ ਦੀ ਸਹਿਹੋਂਦ ਦੇ ਪੱਖ ’ਤੇ ਚਰਚਾ ਕੀਤੀ।ਡਾ. ਜਸਪਾਲ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜਨ ਦੀ ਗੱਲ ਕੀਤੀ।ਡਾ. ਇੰਦਰਪ੍ਰੀਤ ਕੌਰ ਨੇ ਮਾਤ ਭਾਸ਼ਾ ਨੂੰ ਭਾਵਾਂ ਦੇ ਪ੍ਰਗਟਾਅ ਦਾ ਸਫ਼ਲ ਸਾਧਨ ਮੰਨਿਆ।ਡਾ. ਪਵਨ ਕੁਮਾਰ ਨੇ ਭਾਸ਼ਾ ਨੂੰ ਸੰਚਾਰ ਦਾ ਸਾਧਨ ਮੰਨਦਿਆਂ ਇਸ ਦੇ ਗਿਆਨ ਮੂਲਕ ਪਾਸਾਰ ’ਤੇ ਚਰਚਾ ਕੀਤੀ।ਗੋਸ਼ਟੀ ਦੇ ਅੰਤ ਵਿਚ ਪ੍ਰਸਿੱਧ ਭਾਸ਼ਾ ਚਿੰਤਕ ਡਾ. ਮਨਜਿੰਦਰ ਸਿੰਘ ਨੇ ਵਿਭਿੰਨ ਭਾਸ਼ਾਵਾਂ ਨਾਲ ਸਹਿਹੋਂਦ ਸਿਰਜਦਿਆਂ ਮਾਤ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕੀਤਾ।ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਤੇ ਖੋਜ ਵਿਦਿਆਰਥੀਆਂ ਨੇ ਵਿਚਾਰ-ਗੋਸ਼ਟੀ ਵਿਚ ਹਿੱਸਾ ਲਿਆ।
                  ਪ੍ਰੋਗਰਾਮ ਦੀ ਲੜੀ ਵਿਚ ਤੀਜੇ ਦਿਨ ਕਵੀ ਦਰਬਾਰ ਕਰਵਾਇਆ ਗਿਆ। ਆਰੰਭ ਵਿਚ ਵਿਭਾਗ ਦੇ ਪ੍ਰੋਫ਼ੈਸਰ ਤੇ ਮੁਖੀ ਡਾ. ਰਮਿੰਦਰ ਕੌਰ ਨੇ ਕਵੀ ਦਰਬਾਰ ਵਿਚ ਪਹੁੰਚੇ ਸਾਰੇ ਅਧਿਆਪਕਾਂ, ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ।ਇਸ ਸਮਾਗਮ ਦਾ ਸੰਚਾਲਨ ਡਾ. ਪਵਨ ਕੁਮਾਰ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਮੁਸ਼ਾਇਰੇ ਵਿਚ ਹਾਜ਼ਰ ਵਿਦਿਆਰਥੀਆਂ, ਖੋਜ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨ ਦੀ ਗੁਜਾਰਿਸ਼ ਕੀਤੀ।ਇਸ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਕਮਲਪ੍ਰੀਤ, ਕਰਨ, ਨੀਤੂ, ਜਸਰਾਜ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਇਸ ਉਪਰੰਤ ਰਾਜਨ, ਸਤਿੰਦਰਜੀਤ ਸਿੰਘ ਅਤੇ ਮਨੀਸ਼ ਕੁਮਾਰ ਖੋਜ ਵਿਦਿਆਰਥੀਆਂ ਦੁਆਰਾ ਵੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਸਮਾਗਮ ਦੀ ਲੜੀ ਨੂੰ ਅੱਗੇ ਤੋਰਦਿਆਂ ਡਾ. ਬਲਜੀਤ ਕੌਰ ਨੇ ਵੀ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ।ਡਾ. ਮੇਘਾ ਸਲਵਾਨ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਵਿਤਾ ਵਿਚਲੇ ਵਿਚਾਰਾਂ ਨੂੰ ਜੀਵਨ ਵਿਚ ਢਾਲਣ ਲਈ ਪ੍ਰੇਰਿਤ ਕੀਤਾ।ਡਾ. ਮਨਜਿੰਦਰ ਸਿੰਘ ਨੇ ਇਕ ਪਾਸੇ ਵਿਦਿਆਰਥੀਆਂ ਨੂੰ ਸਾਹਿਤ ਸਿਰਜਣ ਲਈ ਪ੍ਰੇਰਿਆ ਅਤੇ ਨਾਲ ਹੀ ਉਨ੍ਹਾਂ ਨੂੰ ਵਿਸ਼ਵ ਦੀਆਂ ਕਲਾਸਿਕ ਰਚਨਾਵਾਂ ਨਾਲ ਸਾਂਝ ਪੈਦਾ ਕਰਨ ਦਾ ਸੁਝਾਅ ਦਿੱਤਾ।
                       ਸਮਾਗਮ ਦੇ ਅੰਤ ਵਿਚ ਵਿਭਾਗ ਦੇ ਪ੍ਰੋਫ਼ੈਸਰ ਤੇ ਮੁਖੀ ਡਾ. ਰਮਿੰਦਰ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਕਵੀ ਦਰਬਾਰ ਮੌਕੇ ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ, ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …