Friday, May 9, 2025
Breaking News

ਦਿੱਲੀ ਬੈਠੇ ਕਿਸਾਨਾਂ ਦੇ ਹੱਕ ‘ਚ ਕਿਸਾਨ ਪਰਿਵਾਰਾਂ ਨੇ ਕੱਢਿਆ ਵਿਸ਼ਾਲ ਮਾਰਚ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਇਕ ਮਹੀਨੇ ਤੋਂ ਹੱਡ ਚੀਰਵੀਂ ਠੰਡ ਵਿੱਚ ਦਿੱਲੀ ਦੀ ਹਿੱਕ `ਤੇ ਦੀਵਾ ਬਾਲ਼ੀ ਬੈਠੇ ਕਿਸਾਨਾਂ ਪ੍ਰਤੀ ਪ੍ਰਧਾਨ ਮੰਤਰੀ ਵਲੋਂ ਅਪਣਾਏ ਜਾ ਰਹੇ ਘਟੀਆ ਵਤੀਰੇ ਵਿਰੁੱਧ ਤੇ ਕਿਸਾਨਾਂ ਦੇ ਹੱਕ ਵਿੱਚ ਵੱਡੀ ਗਿਣਤੀ ‘ਚ ਆਮ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ।
ਸਥਾਨਕ ਹੋਲੀ ਸਿਟੀ ਦੇ ਵਾਸੀਆਂ ਵਲੋਂ ਕੱਢੇ ਗਏ ਇਸ ਮਾਰਚ ਵਿੱਚ ਕਿਸਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕ ਲੋਕ ਆਪ ਮੁਹਾਰੇ ਪਰਿਵਾਰਾਂ ਸਮੇਤ ਸ਼ਾਮਲ ਹੋਏ।ਟਰੈਕਟਰਾਂ ਤੇ ਕਾਰਾਂ `ਤੇ ਸਵਾਰ ਲੋਕਾਂ ਵਲੋਂ ਮੋਦੀ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕਰਦੇ ਹਾਕਮ ਨੂੰ ਲਲਕਾਰਿਆ ਗਿਆ।ਟਰੈਕਟਰਾਂ ਤੇ ਕਾਰਾਂ ਤੇ ਕਿਸਾਨੀ ਸੰਘਰਸ਼ ਨੂੰ ਦਰਸਾਉੰਦੇ ਝੰਡੇ ਤੇ ਬੈਨਰ ਲੱਗੇ ਸਨ।
             ਕਿਸਾਨ ਆਗੂ ਰਾਜਨ ਮਾਨ, ਗੁਰਦੇਵ ਸਿੰਘ ਮਾਹਲ, ਤੇਜਪਾਲ ਸਿੰਘ ਚੀਮਾ, ਹਰਜੀਤ ਸਿੰਘ ਝੀਤੇ, ਅੰਗਰੇਜ਼ ਸਿੰਘ ਰੰਧਾਵਾ ਆਦਿ ਨੇ ਮੋਦੀ ਸਰਕਾਰ ਵੱਲੋਂ ਧਾਰਨ ਕੀਤੇ ਹਠੀ ਵਤੀਰੇ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਅਤੇ ਮੋਦੀ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਝੂਠਾ ਪ੍ਰਚਾਰ ਅਤੇ ਜੁਮਲੇਬਾਜੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ’ਤੇ ਜ਼ਬਰੀ ਨੋਟਬੰਦੀ, ਜੀ.ਐਸ.ਟੀ, ਕਰੋਨਾ, ਧਾਰਾ 370 ਖਤਮ ਕਰਨ ਅਤੇ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਹਿਲਟਰਸ਼ਾਹੀ ਕੀਤੀ ਹੈ, ਪਰ ਕਿਸਾਨ ਕਿਸੇ ਵੀ ਸੂਰਤ ’ਚ ਮੌਤ ਦੇ ਵਾਰੰਟਾਂ ’ਤੇ ਦਸਖਤ ਨਹੀਂ ਹੋਣ ਦੇਣਗੇ।ਉਨ੍ਹਾਂ ਕਿਹਾ ਕਿ ਲੋਕ ਲਹਿਰ ਮੋਦੀ ਨੂੰ ਖਤਮ ਕਰਕੇ ਹੀ ਸਾਹ ਲਵੇਗੀ।ਕਿਸਾਨ ਪਰਿਵਾਰਾਂ ਨੇ ਹੱਥਾਂ ਵਿੱਚ ਮੋਦੀ ਸਰਕਾਰ ਵਿਰੋਧੀ ਤਖਤੀਆਂ ਫੜੀਆਂ ਹੋਈਆਂ ਸਨ।ਕਿਸਾਨਾਂ ਵਲੋਂ `ਨਾ ਝੁਕਾਂਗੇ, ਨਾ ਡਰਾਂਗੇ, ਹਿੱਕ ਤਾਣ ਕੇ ਖੜਾਂਗੇ` ਨਾਅਰੇ ਵੀ ਲਗਾਏ।
                  ਇਸ ਮੌਕੇ `ਤੇ ਕਿਸਾਨ ਜਗਜੀਤ ਸਿੰਘ ਰੰਧਾਵਾ, ਦਾਨਿਸ਼ ਸਿੰਘ, ਸੋਨੂੰ ਮਾਹਲ, ਨਿਰਮਲਜੀਤ ਸਿੰਘ ਮਾਹਲ, ਪੂਨਾ ਸਿੰਘ ਝੀਤਾ, ਲੱਖਾ ਸਿੰਘ ਢੰਡ, ਦਲਜੀਤ ਸਿੰਘ ਕਿਲਾ ਮੀਕਾ, ਹਰਚਰਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …