ਦਿੱਲੀ ਦੀ ਹੱਦਾਂ `ਤੇ ਬੈਠੇ ਕਿਸਾਨ ਪਰਿਵਾਰ ਸਾਡੇ ਮਹਿਮਾਨ – ਜੀ.ਕੇ
ਨਵੀਂ ਦਿੱਲੀ, 2 ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਜਾਗੋ ਪਾਰਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੀ ਲੜੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਕਿਸਾਨ ਮੋਰਚਾ ਸਿੰਘੂ ਬਾਰਡਰ ਵਿਖੇ ਆਯੋਜਿਤ ਕੀਤਾ ਗਿਆ।ਮੋਰਚੇ ਦੀ ਮੁੱਖ ਸਟੇਜ਼ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਅਤੇ 14 ਕਿਲੋਮੀਟਰ ਲੰਬੇ ਕਿਸਾਨ ਮੋਰਚੇ ਦਾ ਗੇੜਾ ਕੱਟ ਕੇ ਨਗਰ ਕੀਰਤਨ ਵਾਪਸ ਮੋਰਚੇ ਦੀ ਮੁੱਖ ਸਟੇਜ਼ `ਤੇ ਸਮਾਪਤ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਫੁੱਲਾਂ ਨਾਲ ਸੱਜੀ ਪਾਲਕੀ ਸਾਹਿਬ ਨਾਲ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਬਤੌਰ ਸੇਵਾਦਾਰ ਪ੍ਰਸ਼ਾਦ ਵਰਤਾਉਣ ਦੀ ਸੇਵਾ ਕੀਤੀ।
ਜੀ.ਕੇ ਨੇ ਕਿਹਾ ਕਿ ਕਿਸਾਨ ਅੰਦੋਲਨ ਭਾਵਨਾਵਾਂ ਨਾਲ ਜੁੜਿਆ ਅੰਦੋਲਨ ਹੈ ਅਤੇ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਬਹੁਤ ਸਮਝਦਾਰੀ ਨਾਲ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਲੜ ਰਹੇ ਹਨ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਗਤਾਂ ਦੇ ਸਹਿਯੋਗ ਨਾਲ ਜਾਗੋ ਪਾਰਟੀ ਵਲੋਂ ਸੁੱਕੇ ਮੇਵੇ, ਗੈਸ ਹੀਟਰ, ਲੰਗਰ ਦੀ ਰਸਦ, ਤੌਲੀਏ, ਅੰਡਰ ਗਾਰਮੈਂਟਸ, ਸੈਨਟਰੀ ਨੈਪਕਿਨ ਸਣੇ ਕਈ ਲੋੋੜੀਦੀਂ ਵਸਤੂਆਂ ਇਥੇ ਪਹੁੰਚਾਈਆਂ ਗਈਆਂ ਹਨ।ਦਿੱਲੀ ਦੀ ਹੱਦਾਂ `ਤੇ ਬੈਠੇ ਕਿਸਾਨ ਪਰਿਵਾਰ ਸਾਡੇ ਮਹਿਮਾਨ ਹਨ ਇਸ ਲਈ ਉਹ ਆਪਣੀ ਜਿੰਮੇਵਾਰੀ ਨਿਭਾਅ ਰਹੇ ਹਨ। ਉਨ੍ਹਾਂ ਜੀ.ਕੇ ਨੇ ਅਖੰਡ ਕੀਰਤਨੀ ਜਥੇ ਦੇ ਸਟਾਲ `ਤੇ ਪਹੁੰਚ ਕੇ ਜਥੇ ਵਲੋਂ ਬੀਤੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।