Monday, December 23, 2024

ਮਾਪੇ ਪੂਰੀ ਜਾਂਚ ਪੜਤਾਲ ਉਪਰੰਤ ਹੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ – ਡਾ. ਓਬਰਾਏ

ਡਾ. ਓਬਰਾਏ ਨੇ ਸੰਕਟ `ਚ ਫਸੀਆਂ 12 ਧੀਆਂ ਮੁੜ ਮਾਪਿਆਂ ਕੋਲ ਪਹੁੰਚਾਈਆਂ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ) – ਸਮਾਜ ਸੇਵਾ ਦੇ ਖੇਤਰ `ਚ ਨਿੱਤ ਨਵੇਂ ਮੀਲ੍ਹ ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਆਪਣੀ ਜੇਬ `ਚੋਂ ਲੱਖਾਂ ਰੁਪਏ ਖ਼ਰਚ ਕੇ ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ, ਭਾਰਤ ਤੋਂ ਰੋਜ਼ੀ-ਰੋਟੀ ਕਮਾਉਣ ਦੁਬਈ ਗਈਆਂ 12 ਬੇਵੱਸ ਲੜਕੀਆਂ ਵਿਚੋਂ 11 ਨੂੰ ਸੁਰੱਖਿਅਤ ਵਾਪਿਸ ਵਤਨ ਪਹੁੰਚਾਇਆ ਹੈ।
               ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਇਹ ਧੀਆਂ ਜਦੋਂ ਹਵਾਈ ਅੱਡੇ `ਤੇ ਅਰਸੇ ਬਾਅਦ ਮੁੜ ਆਪਣੇ ਮਾਪਿਆਂ ਦੇ ਗਲ਼ ਲੱਗ ਰੋਈਆਂ ਤਾਂ ਇੱਕ ਵਾਰ ਇੰਜ ਜਾਪਿਆ ਜਿਵੇਂ ਸਮਾਂ ਰੁਕ ਗਿਆ ਹੋਵੇ।ਇਹਨਾਂ 11 ਲੜਕੀਆਂ ਵਿਚੋਂ ਤਿੰਨ ਲੜਕੀਆਂ 20 ਜਨਵਰੀ ਨੂੰ ਜਹਾਜ਼ ਰਾਹੀਂ ਕੋਲਕਾਤਾ ਅਤੇ ਪਟਨਾ ਸਥਿਤ ਆਪਣੇ ਘਰਾਂ `ਚ ਪੁੱਜ ਗਈਆਂ ਸਨ।ਜਦ ਕਿ ਪੰਜਾਬ ਨਾਲ ਸਬੰਧਿਤ ਬਾਕੀ 9 ਵਿੱਚੋਂ 8 ਲੜਕੀਆਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ `ਤੇ ਦੁਬਈ `ਤੋਂ ਆਈ ਉਡਾਣ ਰਾਹੀਂ ਸੁਰੱਖਿਅਤ ਵਾਪਸ ਆਪਣੇ ਮਾਪਿਆਂ ਕੋਲ ਪੁੱਜ ਗਈਆਂ ਹਨ ਅਤੇ ਇਕ ਲੜਕੀ ਅਚਾਨਕ ਆਈ ਸਿਹਤ ਸਮੱਸਿਆ ਕਾਰਨ ਕੁੱਝ ਦਿਨ ਬਾਅਦ ਪਹੁੰਚੇਗੀ।
              ਇਸ ਦੌਰਾਨ ਹਵਾਈ ਅੱਡੇ `ਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਖ਼ੁਦ ਇਨ੍ਹਾਂ ਲੜਕੀਆਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਥਿਕ ਮਜਬੂਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ `ਚ ਫ਼ਸ ਕੇ ਆਪਣੀਆਂ ਮਾਸੂਮ ਧੀਆਂ ਨੂੰ ਅਰਬ ਦੇਸ਼ਾਂ ਵਿਚ ਨੌਕਰੀ ਲਈ ਭੇਜ ਦਿੰਦੇ ਹਨ।ਪਰ ਬਦਕਿਸਮਤੀ ਨਾਲ ਉਥੇ ਜਾ ਕੇ ਉਕਤ ਲਾਲਚੀ ਏਜੰਟਾਂ ਵਲੋਂ ਲੜਕੀਆਂ ਨੂੰ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ, ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਲੜਕੀਆਂ ਨੂੰ ਲੀਗਲ ਕਰਾਉਣ ਉਪਰੰਤ ਇਨ੍ਹਾਂ ਕੋਲੋਂ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ।ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਅਜਿਹੀਆਂ ਬਹੁਤ ਸਾਰੀਆਂ ਲੜਕੀਆਂ ਮਸਕਟ, ਸ਼ਾਰਜਾਹ ਰਾਸਲਖੇਮੇ ਅਤੇ ਦੁਬਈ ਅੰਦਰ ਫ਼ਸੀਆਂ ਹੋਈਆਂ ਹਨ ਜੋ ਆਪਣੇ ਖਰੀਦਦਾਰਾਂ ਕੋਲੋਂ ਬਹੁਤ ਤੰਗ ਹਨ ਅਤੇ ਉਥੋਂ ਹਰ ਹਾਲਤ ‘ਚ ਛੁੱਟ ਕੇ ਆਪਣੇ ਘਰ ਵਾਪਸ ਆਉਣਾ ਚਾਹੁੰਦੀਆਂ ਹਨ।ਡਾ. ਓਬਰਾਏ ਨੇ ਦੱਸਿਆ ਕਿ ਅੱਜ ਪੁੱਜੀਆਂ ਲੜਕੀਆਂ ਨੇ ਉਨ੍ਹਾਂ ਨੂੰ ਫੋਨ ਤੇ ਰੋਂਦਿਆਂ ਆਪਣੇ ਮਾੜੇ ਹਾਲਾਤ ਬਾਰੇ ਦੱਸ ਕੇ ਵਾਪਸ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ, ਜਿਸ `ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਲੜਕੀਆਂ ਦੇ ਖ਼੍ਰੀਦਦਾਰਾਂ ਨੂੰ ਆਪਣੇ ਪੱਲਿਉਂ ਇਨ੍ਹਾਂ ਦੇ ਬਣਦੇ ਪੈਸੇ ਵਾਪਸ ਕਰਨ ਤੋਂ ਇਲਾਵਾ ਇਮੀਗ੍ਰੇਸ਼ਨ ਤੇ ਓਵਰ ਸਟੇਅ ਆਦਿ ਦੇ ਹੋਰ ਖਰਚੇ ਭਰਨ ਦੇ ਨਾਲ-ਨਾਲ ਵਾਪਸ ਲੈ ਕੇ ਆਉਣ ਲਈ ਹਵਾਈ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਹੈ।
                ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਇੱਕ ਲੜਕੀ ਨੂੰ ਵਾਪਸ ਲੈ ਕੇ ਆਉਣ ਲਈ ਡੇਢ ਲੱਖ ਰੁਪਏ ਤੋਂ ਲੈ ਕੇ ਤਿੰਨ ਲੱਖ ਰੁਪਏ ਤੱਕ ਦਾ ਖਰਚ ਆਇਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਇਸ ਵੇਲੇ ਵੀ ਅਰਬ ਦੇਸ਼ਾਂ ਅੰਦਰ ਕਰੀਬ 200 ਲੜਕੀਆਂ ਹੋਰ ਵੀ ਫਸੀਆਂ ਹੋਈਆਂ ਹਨ।ਅੱਜ ਆਈਆਂ 11 ਲੜਕੀਆਂ ਤੋਂ ਇਲਾਵਾ ਉਹ ਪਹਿਲਾਂ ਵੀ 7 ਲੜਕੀਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬਾਕੀ ਬਚਦੀਆਂ ਲੜਕੀਆਂ ਨੂੰ ਵੀ ਜਲਦ ਵਾਪਸ ਲਿਆਂਦਾ ਜਾਵੇਗਾ।
               ਡਾ. ਓਬਰਾਏ ਨੇ ਇਕ ਵਾਰ ਮੁੜ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੀਆਂ ਧੀਆਂ ਨੂੰ ਵਿਦੇਸ਼ ਭੇਜਣ ਤਾਂ ਜੋ ਬਾਅਦ `ਚ ਪਛਤਾਉਣਾ ਨਾ ਪਵੇ।ਉਹ ਸਰਬਤ ਦਾ ਭਲਾ ਟਰੱਸਟ ਦੇ ਹਰ ਜ਼ਿਲ੍ਹੇ `ਚ ਮੌਜੂਦ ਦਫ਼ਤਰ ਤੋਂ ਸਬੰਧਿਤ ਕੰਪਨੀ ਜਾਂ ਉਸ ਦੇ ਕੰਮਕਾਰ ਬਾਰੇ ਪਤਾ ਕਰ ਸਕਦਾ ਹੈ।
              ਏਸੇ ਦੌਰਾਨ ਦੁਬਈ ਤੋਂ ਵਾਪਸ ਪਰਤੀਆਂ ਲੜਕੀਆਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਥੇ ਉਨ੍ਹਾਂ ਦੇ ਜੋ ਹਾਲਾਤ ਸਨ, ਉਹ ਜਾਂ ਤਾਂ ਰੱਬ ਜਾਣਦਾ ਹੈ ਤੇ ਜਾਂ ਖ਼ੁਦ ਉਹ।ਉਨ੍ਹਾਂ ਕਿਹਾ ਕਿ ਡਾ. ਐਸ.ਪੀ ਸਿੰਘ ਓਬਰਾਏ ਉਨ੍ਹਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ, ਜਿਨ੍ਹਾਂ ਨੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਨੂੰ ਨਰਕ `ਚੋਂ ਕੱਢ ਅੱਜ ਮੁੜ ਮਾਪਿਆਂ ਦੀ ਝੋਲੀ ਪਾ ਦਿੱਤਾ ਹੈ।
            ਇਸ ਦੌਰਾਨ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿ1ਧੂ, ਰਵਿੰਦਰ ਰੌਬਿਨ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਵਿੱਤ ਸਕੱਤਰ ਨਵਜੀਤ ਘਈ ਵੀ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …