ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰੱਖਿਆ ਦੋ ਮਿੰਟ ਦਾ ਮੋਨ
ਨਵਾਂਸ਼ਹਿਰ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼-ਕੌਮ ਲਈ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ.ਸੀ ਕੰਪਲੈਕਸ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਹੋਰਨਾਂ ਅਧਿਕਾਰੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਫ਼ੁੱਲ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ। ਉਨਾਂ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਦੇਸ਼ ਭਗਤਾਂ ਦੀ ਕੁਰਬਾਨੀਆਂ ਸਦਕਾ ਹੀ ਅੱਜ ਅਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਆਪਣੀਆਂ ਡਿੳੂਟੀਆਂ ਨੂੰ ਜਿੰਮੇਵਾਰੀ ਨਾਲ ਨਿਭਾਏ ਜਾਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਦੇਸ਼ ਲਈ ਸ਼ਹਾਦਤਾਂ ਦੇਣ ਵਾਲੇ ਦੇਸ਼ ਭਗਤਾਂ ਨੇ ਇਕ ਨਰੋਏ ਭਾਰਤ ਦੀ ਸਿਰਜਣਾ ਦਾ ਸੁਪਨਾ ਲਿਆ ਸੀ ਜਿਸ ਨੂੰ ਪੂਰਾ ਕਰਨ ਲਈ ਹਰੇਕ ਨਾਗਰਿਕ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ।ਸਮਾਰੋਹ ਵਿਚ ਪੁੱਜੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਹੀਦਾਂ ਦੀ ਯਾਦ ਵਿਚ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਕਾਹਮਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸੁਪਰਡੈਂਟ ਬਹਾਦਰ ਸਿੰਘ ਥਾਂਦੀ, ਜ਼ਿਲ੍ਹਾ ਨਾਜਰ ਹਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।