ਬੀਬੀ ਜਗੀਰ ਕੌਰ ਨੇ ਰਸਮੀਂ ਤੌਰ ’ਤੇ ਕੀਤਾ ਦਾ ਉਦਘਾਟਨ
ਅੰਮ੍ਰਿਤਸਰ, 30 ਜਨਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਚਨਾ ਤਕਨੀਕ ਰਾਹੀਂ ਸੰਗਤ ਤੱਕ ਆਪਣੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਵੈਬਸਾਈਟ ਜਾਰੀ ਕੀਤੀ ਹੈ।ਇਸ ਵੈਬਸਾਈਟ (www.sgpcamritsar.org) ਦਾ ਰਸਮੀਂ ਉਦਘਾਟਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ।ਵੈਬਸਾਈਟ ਤਿਆਰ ਕਰਨ ਦੀਆਂ ਸੇਵਾਵਾਂ ਮਾਈਕਰੋ ਸੋਲਿਊਸ਼ਨ ਪ੍ਰਾਈਵੇਟ ਜਲੰਧਰ ਵੱਲੋਂ ਮੁਫ਼ਤ ਦਿੱਤੀਆਂ ਗਈਆਂ ਹਨ।ਬੀਬੀ ਜਗੀਰ ਕੌਰ ਨੇ ਕਿਹਾ ਕਿ ਆਧੁਨਿਕ ਤਕਨੀਕ ਨਾਲ ਨਵੀਂ ਵੈਬਸਾਈਟ ਤਿਆਰ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ਤੋਂ ਸੰਗਤਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਵਿਭਾਗਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ।ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਅਤੇ ਕੀਤੇ ਜਾਂਦੇ ਖ਼ਰਚਿਆਂ ਨੂੰ ਵੈਬਸਾਈਟ ’ਤੇ ਦਿਖਾਇਆ ਜਾਵੇਗਾ।ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਨਾਲ ਸਬੰਧਤ ਸਾਰੀਆਂ ਪੁਸਤਕਾਂ ਵੀ ਵੈਬਸਾਈਟ ’ਤੇ ਡਿਜ਼ੀਟਲ ਰੂਪ ਵਿੱਚ ਉਪਲੱਬਧ ਹੋਣਗੀਆਂ।ਇਸ ਤੋਂ ਸ਼੍ਰੋਮਣੀ ਕਮੇਟੀ ਦਾ ਇਤਿਹਾਸ, ਮੌਜੂਦਾ ਅਹੁਦੇਦਾਰਾਂ ਅਤੇ ਮੈਂਬਰਾਂ ਬਾਰੇ ਜਾਣਕਾਰੀ, ਸ਼੍ਰੋਮਣੀ ਕਮੇਟੀ ਦੇ ਹੁਣ ਤੱਕ ਰਹੇ ਪ੍ਰਧਾਨਾਂ ਦਾ ਵੇਰਵਾ, ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦਾ ਇਤਿਹਾਸ, ਸਿੱਖ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਬਾਰੇ ਜਾਣਕਾਰੀ ਮਿਲ ਸਕੇਗੀ।ਸਮੇਂ ਸਮੇਂ ਇਸ ਵੈਬਸਾਈਟ ’ਤੇ ਸ਼੍ਰੋਮਣੀ ਕਮੇਟੀ ਦੇ ਸ਼ਾਨਾਮੱਤੇ 100 ਸਾਲਾ ਇਤਿਹਾਸ ਪਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਪਹਿਲਾਂ ਹੀ ਸੰਗਤ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸਰਾਂ ਅੰਦਰ ਕਮਰਾ ਬੁੱਕ ਕਰਵਾਉਣ ਲਈ ਆਨਲਾਈਨ ਸਹੂਲਤ ਚੱਲ ਰਹੀ ਹੈ, ਉਥੇ ਹੀ ਹੁਣ ਇਸ ਵੈਬਸਾਈਟ ’ਤੇ ਸ੍ਰੀ ਅਖੰਡਪਾਠ ਸਾਹਿਬ ਵੀ ਬੁੱਕ ਕਰਵਾਏ ਜਾ ਸਕਣਗੇ।ਰਾਗੀ ਜਥਿਆਂ ਦੀ ਸੇਵਾ ਪ੍ਰਾਪਤ ਕਰਨ ਲਈ ਵੀ ਸੰਗਤਾਂ ਆਨਲਾਈਨ ਵਿਧੀ ਦੀ ਵਰਤੋਂ ਕਰ ਸਕਣਗੀਆਂ।ਇਹ ਆਨਲਾਈਨ ਸਹੂਲਤਾਂ ਦੂਰ-ਦੁਰਾਡੇ ਬੈਠੀਆਂ ਸੰਗਤਾਂ ਲਈ ਇਕ ਕਲਿੱਕ ’ਤੇ ਉਪਲੱਬਧ ਹੋਣਗੀਆਂ, ਜਿਸ ਨਾਲ ਸੇਵਾ ਕਾਰਜ਼ਾਂ ਵਿਚ ਹੋਰ ਤੇਜ਼ੀ ਆਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮੀਡੀਆ ਸਰਗਰਮੀਆਂ ਵੀ ਨਵੀਂ ਵੈਬਸਾਈਟ ਦਾ ਹਿੱਸਾ ਹੋਣਗੀਆਂ।ਇਸ ਦੌਰਾਨ ਬੀਬੀ ਜਗੀਰ ਕੌਰ ਨੇ ਵੈਬਸਾਈਟ ਤਿਆਰ ਕਰਨ ਵਾਲੇ ਸੰਦੀਪ ਕੁਮਾਰ ਗੁਪਤਾ, ਸ੍ਰੀਮਤੀ ਮੋਨਿਕਾ ਗੁਪਤਾ ਅਤੇ ਮੀਧਾਂਸ ਗੁਪਤਾ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਸੇਵਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਜਾਇਬ ਸਿੰਘ ਅਭਿਆਸੀ, ਯੁਵਰਾਜ ਭੁਪਿੰਦਰ ਸਿੰਘ, ਬੀਬੀ ਰਜਨੀਤ ਕੌਰ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਕਾਹਲਵਾਂ, ਤੇਜਿੰਦਰ ਸਿੰਘ ਪੱਡਾ, ਡਾ. ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ, ਬਿਕਰਮਜੀਤ ਸਿੰਘ, ਜਸਕਰਨ ਸਿੰਘ ਆਦਿ ਮੌਜੂਦ ਸਨ।