ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਅੰਮ੍ਰਿਤਸਰ ਹਲਕਾ ਦੱਖਣੀ ‘ਚ ਪੈਂਦੀ ਵਾਰਡ ਨੰਬਰ 37 ਦੀ ਜ਼ਿਮਨੀ ਚੋਣ ਦਾ ਦੰਗਲ ਭਖ ਗਿਆ ਹੈ। ਕਾਗਰਸ ਦੇ ਕੋਂਸਲਰ ਹਰਪ੍ਰੀਤ ਸਿੰਘ ਗੋਲਡੀ ਦੀ ਮੌਤ ਹੋ ਜਾਣ ‘ਤੇ ਖਾਲੀ ਹੋਈ ਇਸ ਸੀਟ ‘ਤੇ ਜਿੱਤ ਹਾਸਲ ਕਰਨ ਲਈ ਤਿੰਨ ਪ੍ਰਮੁੱਖ ਪਾਰਟੀਆਂ ਆਪੋ ਆਪਣਾ ਜ਼ੋਰ ਲਗਾ ਰਹੀਆਂ ਹਨ।ਵਿਧਾਨ ਸਭਾ ਦੀ 2022 ‘ਚ ਆ ਰਹੀ ਚੋਣ ਦੇ ਮੱਦੇਨਜ਼ਰ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ।ਵਾਰਡ ਨਿਵਾਸੀਆਂ ਨੂੰ ਆਪਣੇ ਹੱਕ ‘ਚ ਕਰਨ ਲਈ ਪਾਰਟੀਆਂ ਦੇ ਸੀਨੀਅਰ ਲੀਡਰ ਪ੍ਰਚਾਰ ਲਈ ਪਹੁੰਚ ਰਹੇ ਹਨ।
ਕਾਂਗਰਸ ਪਾਰਟੀ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜੜਾ ਦੀ ਚੋਣ ਮੁਹਿੰਮ ਵੀ ਜ਼ੋਰਾਂ ‘ਤੇ ਹੈ। ਅੱਜ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਬਾਬਾ ਗੁਰਮੁੱਖ ਸਿੰਘ ਸੁਲਤਾਨਵਿੰਡ ਅਤੇ ਦਰਸ਼ਨ ਸਿੰਘ ਸੁਲਤਾਨਵਿੰਡ ਨੇ ਕਾਂਗਰਸ ਦੇ ਕੌਂਸਲਰਾਂ ਤੇ ਪਾਰਟੀ ਆਗੂਆਂ ਸਮੇਤ ਵੱਡਾ ਚੋਣ ਜਲਸਾ ਕਰ ਕੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਹਿਜੜਾ ਨੁੰ ਕਾਮਯਾਬ ਕੀਤਾ ਜਾਵੇ।ਬੋਲਾਰੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਵਿੱਚ ਵਿਕਾਸ ਕਾਰਜ਼ ਪਹਿਲ ਦੇ ਅਧਾਰ ‘ਤੇ ਕਰਵਾਏ ਜਾ ਰਹੇ ਹਨ ਅਤੇ ਵਾਰਡ ਨੰਬਰ 37 ਨੂੰ ਵੀ ਨਮੂਨੇ ਦੀ ਵਾਰਡ ਬਣਾਇਆ ਜਾਵੇਗਾ।
ਉਧਰ ਅੱਜ ਆਮ ਆਦਮੀ ਪਾਰਟੀ ਦੇ ਯੂਥ ਉਪ ਪ੍ਰਧਾਨ ਅਨਮੋਲ ਗਗਨ ਨੇ ਪਾਰਟੀ ਉਮੀਦਵਾਰ ਜਸਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ‘ਆਪ’ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹਵਾ ਦਾ ਸੇਹਰਾ ਦਿੱਲੀ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੈਂਦਾ ਹੈ।ਉਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਵਾਰਡ ‘ਚ ਕੋਈ ਵਿਕਾਸ ਨਹੀ ਕਰਵਾਇਆ ਤੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਨੇ ਭਖਾਈ ਹੋਈ ਹੈ।ਉਹਨਾਂ ਵਲੋਂ ਪਾਰਟੀ ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਲਈ ਜਲਸੇ ਤੇ ਮੀਟਿੰਗਾਂ ਕਰ ਕੇ ਵਾਰਡ ਵਾਸੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਵਾਰਡ ਦਾ ਗੇੜਾ ਲਾ ਚੁੱਕੇ ਹਨ।ਉਨਾਂ ਨੇ ਹਲਕਾ ਵਿਧਾਇਕ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕਾਂਗਰਸੀ ਕੌਂਸਲਰ ਦੇ ਚਲਾਣੇ ਉਪਰੰਤ ਕਿਸੇ ਨੇ ਵੀ ਵਾਰਡ ਦੀ ਸਾਰ ਨਹੀਂ ਲਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …