Saturday, September 21, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਸੜਕ ਸੁਰੱਖਿਆ ਨਿਯਮਾਂ ’ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 20 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਸੜਕ ਸੁਰੱਖਿਆ ਨਿਯਮਾਂ ’ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ’ਚ ਕੰਵਲਜੀਤ ਸਿੰਘ ਏ.ਡੀ.ਸੀ.ਪੀ ਟ੍ਰੈਫ਼ਿਕ, ਸੁਰਿੰਦਰਪਾਲ ਸਿੰਘ ਟ੍ਰੈਫ਼ਿਕ ਮਾਰਸ਼ਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪ੍ਰਿੰ: (ਡਾ.) ਹਰਪ੍ਰੀਤ ਕੌਰ ਨੇ ਆਏ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।ਉਨਾਂ ਕਿਹਾ ਕਿ ਦੇਸ਼ ਭਰ ’ਚ ਹਰ 4 ਮਿੰਟ ਬਾਅਦ ਇਕ ਮੌਤ ਸੜਕ ਦੁਰਘਟਨਾਵਾਂ ਕਰਕੇ ਹੁੰਦੀ ਹੈ, ਕਿਉਂਕਿ ਦੇਸ਼ ਦੀ ਜਨਤਾ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ।
ਕੰਵਲਜੀਤ ਸਿੰਘ ਅਤੇ ਸੁਰਿੰਦਰਪਾਲ ਸਿੰਘ ਨੇ ਆਪਣੇ ਆਪਣੇ ਸੰਬੋਧਨ ’ਚ ਸੜਕ ਸੁਰੱਖਿਆ ਦੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੀ.ਪੀ.ਟੀ ਦੀ ਮਦਦ ਨਾਲ ਸੜਕ ਸੁਰੱਖਿਆ ਦੇ ਨਿਯਮਾਂ ਅਤੇ ਉਨਾਂ ਦੀ ਪਾਲਣਾ ਨਾ ਕਰਨ ਦੇ ਕਾਰਨਾਂ ਅਤੇ ਹੋਣ ਵਾਲੇ ਹਾਦਸਿਆਂ ਸਬੰਧੀ ਤੱਥਾਂ ਦੀ ਜਾਣਕਾਰੀ ਦਿੱਤੀ।
                 ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ ਅਤੇ ਟ੍ਰੈਫਿਕ ਦੇ ਨਿਯਮਾਂ ਪ੍ਰਤੀ ਦੱਸਦਿਆਂ ਓਵਰ ਸਪੀਡ, ਗਲਤ ਡਰਾਈਵਿੰਗ, ਟ੍ਰਿਪਲ ਰਾਈਡਿੰਗ, ਡ੍ਰਿੰਕ ਐਂਡ ਡਰਾਈਵ ਨਾ ਕਰਨ ਦੀ ਅਪੀਲ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾਂ ਗੱਡੀ ਦੇ ਕਾਗਜ਼ਾਤ ਅਤੇ ਫਸਟ ਏਡ ਕਿਟ ਆਪਣੇ ਕੋਲ ਰੱਖਣ ਲਈ ਕਿਹਾ।ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋ ਕਰਨ ਦੀ ਅਪੀਲ ਵੀ ਕੀਤੀ।

            ਡਾ. ਗੁਰਜੀਤ ਕੌਰ ਐਸੋਸੀਏਟ ਪ੍ਰੋਫ਼ੈਸਰ, ਡਾ. ਬਿੰਦ ਸ਼ਰਮਾ, ਡਾ. ਸਤਿੰਦਰ ਢਿੱਲੋਂ, ਡਾ. ਰਮਨ ਅਸਿਸਟੈਂਟ ਪ੍ਰੋਫੈਸਰ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਸਮੇਂ ਸਮੂਹ ਹਾਜ਼ਰੀਨ ਨੂੰ ਸੜਕ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸੰਹੁ ਚੁਕਾਈ ਗਈ।ਡਾ. ਰਮਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡਾ. ਹਰਪ੍ਰੀਤ ਕੌਰ ਨੇ ਕੰਵਲਜੀਤ ਸਿੰਘ, ਸੁਰਿੰਦਰਪਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
              ਇਸ ਮੌਕੇ ਡਾ. ਨਿਰਮਲਜੀਤ ਕੌਰ ਸੰਧੂ, ਡਾ. ਗੁਰਜੀਤ ਕੌਰ ਤੋਂ ਇਲਾਵਾ ਕਾਲਜ਼ ਦਾ ਸਮੂਹ ਸਟਾਫ਼ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …