Monday, September 16, 2024

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਜੀ.ਕੇ ਨੇ ਕੀਤੀ ਮੁਲਾਕਾਤ

ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਿਸ ਵਲੋਂ ਦਰਜ਼ ਸਾਰੇ ਕੇਸ ਵਾਪਸ ਲੈਣ ਦੀ ਕੀਤੀ ਮੰਗ

ਨਵੀਂ ਦਿੱਲੀ, 8 ਮਾਰਚ (ਪੰਜਾਬ ਪੋਸਟ ਬਿਊਰੋ) – ਪੁਣੇ ਅਤੇ ਮਥੁਰਾ ਛਾਉਣੀ ਖੇਤਰ ਦੇ ਗੁਰਦਵਾਰਿਆਂ ਵਿੱਚ ਫ਼ੌਜੀ ਅਧਿਕਾਰੀਆਂ ਦੀ ਗ਼ੈਰਕਾਨੂੰਨੀ ਦਖ਼ਲਅੰਦਾਜ਼ੀ ਮਾਮਲੇ ‘ਚ ਅੱਜ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਪ੍ਰਧਾਨਗੀ ਵਿਚ ਇੱਕ ਵਫ਼ਦ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਉਨਾਂ ਦੇ ਸਪੁੱਰਦ ਕੀਤਾ।ਨਾਲ ਹੀ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਿਸ ਵਲੋਂ ਦਰਜ਼ ਕੀਤੇ ਗਏ ਸਾਰੇ ਕੇਸ ਵਾਪਸ ਲੈਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ।ਜੀ.ਕੇ ਨੇ ਦੱਸਿਆ ਕਿ ਉਨਾਂ ਦਾ ਧਿਆਨ ਪੁਣੇ ਅਤੇ ਮਥੁਰਾ ਛਾਉਣੀ ਖੇਤਰ ਦੀ ਸਿੱਖ ਸੰਗਤ ਨੇ ਮੰਗ ਪੱਤਰ ਦੇ ਕੇ ਸਥਾਨਕ ਗੁਰਦੁਆਰਾ ਸਾਹਿਬਾਨਾਂ ਵਿੱਚ ਫ਼ੌਜੀ ਅਧਿਕਾਰੀਆਂ ਦੀ ਗੈਰਜ਼ਰੂਰੀ ਦਖ਼ਲਅੰਦਾਜ਼ੀ ਵੱਲ ਧਿਆਨ ਦਿਵਾਇਆ ਹੈ।ਸਿੱਖ ਕੌਮ ਦੇ ਧਾਰਮਿਕ ਸਥਾਨਾਂ `ਤੇ ਫ਼ੌਜੀ ਅਧਿਕਾਰੀਆਂ ਦੀ ਗ਼ਲਤ ਕਾਰਵਾਈ ਸਿੱਖਾਂ ਦਾ ਮਨੋਬਲ ਡੇਗਣ ਵਾਲੀ ਹੈ।ਇਕ ਪਾਸੇ ਚੀਨ ਅਤੇ ਪਾਕਿਸਤਾਨ ਦੀਆਂ ਸੀਮਾਵਾਂ `ਤੇ ਸਿੱਖ ਫ਼ੌਜੀਆਂ ਵਲੋਂ ਵਿਖਾਈ ਜਾਂਦੀ ਬਹਾਦਰੀ ਅਤੇ ਨਿਭਾਇਆ ਜਾਂਦਾ ਫ਼ਰਜ਼ ਹਰ ਇੱਕ ਸਿੱਖ ਦੀ ਛਾਤੀ ਚੌੜੀ ਕਰ ਦਿੰਦਾ ਹੈ।ਪਰ ਦੂਜੇ ਪਾਸੇ ਦੇਸ਼ ਹਿਤ ਲਈ ਸਮਰਪਿਤ ਸਿੱਖ ਕੌਮ ਦੇ ਛਾਉਣੀ ਖੇਤਰ ਵਿੱਚ ਬਣੇ ਧਾਰਮਿਕ ਸਥਾਨਾਂ ਦੇ ਨਾਲ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਦੀ ਤਰਾਂ ਬਰਾਬਰੀ ਦਾ ਵਿਵਹਾਰ ਫ਼ੌਜੀ ਅਧਿਕਾਰੀਆਂ ਵਲੋਂ ਨਾ ਕੀਤੇ ਜਾਣ ਦੀ ਆਉਂਦੀਆਂ ਖ਼ਬਰਾਂ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਅਤੇ ਸਿੱਖਾਂ ਨੂੰ ਦੂਜੇ ਦਰਜ਼ੇ ਦਾ ਨਾਗਰਿਕ ਮਹਿਸੂਸ ਕਰਵਾਉਣ ਦੇ ਨਾਲ ਹੀ ਗੁਰਦਵਾਰਿਆਂ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਦਾ ਅਹਿਸਾਸ ਕਰਾਉਣ ਵਾਲੀਆਂ ਪ੍ਰਤੀਤ ਹੁੰਦੀਆਂ ਹਨ।
                 ਜੀ.ਕੇ ਨੇ ਦੱਸਿਆ ਕਿ ਪੁਣੇ ਦੇ ਯਰਵਦਾ ਛਾਉਣੀ ਖੇਤਰ ਵਿੱਚ ਗੁਰਦੁਆਰਾ ਦਸਮੇਸ਼ ਦਰਬਾਰ 1959 ਵਿੱਚ ਲਗਭਗ 30000 ਵਰਗ ਫੁੱਟ ਥਾਂ `ਚ ਸਥਾਪਤ ਹੋਇਆ ਸੀ।ਇਸ ਦੇ ਆਸਪਾਸ ਸਿੱਖਾਂ ਨੇ ਆਪਣੀ ਜ਼ਮੀਨ ਖ਼ਰੀਦ ਕੇ ਘਰ ਬਣਾਏ ਹੋਏ ਹਨ।ਪਰ ਸਮੇਂ-ਸਮੇਂ ‘ਤੇ ਫ਼ੌਜੀ ਅਧਿਕਾਰੀ ਗੁਰਦੁਆਰਾ ਦਸਮੇਸ਼ ਦਰਬਾਰ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।ਜਿਸ ਲਈ ਗੁਰਦੁਆਰਾ ਕਮੇਟੀ ਨੇ ਅਦਾਲਤ ਤੋਂ ਲੈ ਕੇ ਸਰਕਾਰ ਅਤੇ ਸਿਆਸੀ ਆਗੂਆਂ ਤੱਕ ਪਹੁੰਚ ਵੀ ਕੀਤੀ ਸੀ।ਪਰ ਮਾਮਲਾ ਹੱਲ ਨਹੀਂ ਹੋਇਆ।ਹਾਲਾਂਕਿ 5 ਮਾਰਚ 2017 ਨੂੰ ਛਾਉਣੀ ਦੀ ਮੁੱਖ ਜ਼ਮੀਨਾਂ ਵਿਚੋਂ ਮੁਸਲਮਾਨ ਅਤੇ ਦਾਉਦੀ ਬੋਹਰਾ ਸਮੁਦਾਏ ਨੂੰ ਆਪਣੇ ਪਿਆਰੇ ਲੋਕਾਂ ਦੇ ਮ੍ਰਿਤਕ ਸਰੀਰਾਂ ਨੂੰ ਦਫ਼ਨਾਉਣ ਲਈ ਵਾਨੋਵਰੀ, ਪੁਣੇ ਵਿੱਚ 1 ਏਕੜ ਜ਼ਮੀਨ ਦਿੱਤੀ ਗਈ ਹੈ, ਪਰ ਗੁਰਦੁਆਰਾ ਸਾਹਿਬ ਦੀ 30000 ਵਰਗ ਫੁੱਟ ਜ਼ਮੀਨ ਦਾ ਵਿਵਾਦ ਨਹੀਂ ਨਿਪਟਾਇਆ ਜਾ ਰਿਹਾ ਹੈ।
                   ਇਸੇ ਤਰਾਂ ਮਥੁਰਾ ਛਾਉਣੀ ਖੇਤਰ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਉਸਾਰੀ ਦੀ ਨੀਂਹ ਸਿੱਖ ਸੰਗਤ ਨੇ ਆਪਣੇ ਖ਼ਰਚ `ਤੇ ਬ੍ਰਿਟਿਸ਼ ਸਰਕਾਰ ਦੇ ਸਮੇਂ 5 ਦਸੰਬਰ 1936 ਨੂੰ ਰੱਖੀ ਸੀ।2016 ਤੱਕ ਗੁਰਦੁਆਰਾ ਸਾਹਿਬ ਦਾ ਰੱਖ ਰਖਾਅ ਅਤੇ ਪ੍ਰਬੰਧ ਸਿੱਖ ਸੰਗਤ ਦੇ ਕੋਲ ਸੀ, ਪਰ 2016 ਤੋਂ ਸੁਰੱਖਿਆ ਦਾ ਹਵਾਲਾ ਦੇ ਕੇ ਗੁਰਦੁਆਰਾ ਸਾਹਿਬ ਨੂੰ ਅਸਥਾਈ ਤੌਰ `ਤੇ ਬੰਦ ਕਰ ਦਿੱਤਾ ਗਿਆ ਹੈ।ਹਾਲਾਂਕਿ ਸਥਾਨਕ ਸੰਸਦ ਮੈਂਬਰ ਹੇਮਾ ਮਾਲਿਨੀ ਦੀ ਕੋਸ਼ਿਸ਼ ਨਾਲ 12 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ `ਤੇ 1 ਹਫ਼ਤੇ ਲਈ ਗੁਰਦੁਆਰਾ ਸਾਹਿਬ ਨੂੰ ਖੋਲਿਆ ਗਿਆ ਸੀ।ਭਾਈ ਘਣੱਈਆ ਜੀ ਸੇਵਕ ਜਥੇ ਨੇ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਤਰਾਂ ਨਾਲ ਗੁਰਦੁਆਰਾ ਸਾਹਿਬ ਖੁੱਲ ਜਾਵੇ ਤੇ ਗੁਰਦੁਆਰਾ ਸਾਹਿਬ ਵਿੱਚ ਮੌਜ਼ੂਦ ਗੁਰੁ ਗ੍ਰੰਥ ਸਾਹਿਬ ਜੀ ਦੇ 2 ਪਵਿੱਤਰ ਸਰੂਪਾਂ ਦੀ ਸੇਵਾ ਸੰਭਾਲ ਸਿੱਖ ਰਹਿਤ ਮਰਿਆਦਾ ਅਨੁਸਾਰ ਹੋ ਸਕੇ, ਪਰ ਫ਼ੌਜੀ ਅਧਿਕਾਰੀਆਂ ਵਲੋਂ ਹੋਰ ਧਾਰਮਿਕ ਸਥਾਨਾਂ ਦੀ ਤਰਾਂ ਗੁਰਦੁਆਰਾ ਸਾਹਿਬ ਨੂੰ ਬਰਾਬਰੀ ਦੀ ਨਜ਼ਰ ਤੋਂ ਨਾ ਦੇਖਣ ਦੀ ਵਜ੍ਹਾ ਨਾਲ ਗੁਰਦੁਆਰਾ ਸਾਹਿਬ ਬੰਦ ਹਨ।ਰਾਜਨਾਥ ਸਿੰਘ ਨੇ ਮਾਮਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਹੈ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …