Sunday, April 12, 2026

ਮਾਸਕ ਨਾ ਪਾਉਣ ਵਾਲਿਆਂ ਦੇ ਜੁਰਮਾਨੇ ਦੇ ਨਾਲ ਹੋਣਗੇ ਕੋਵਿਡ-19 ਟੈਸਟ – ਸੋਨੀ

ਕਿਹਾ ਲੋੜ ਪੈਣ ‘ਤੇ ਲਗਾਇਆ ਜਾ ਸਕਦਾ ਹੈ ਰਾਤ ਦਾ ਕਰਫਿਊ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਸੱਗੂ) – ਜਿਲੇ੍ਹ ਵਿੱਚ ਕਰੋਨਾ ਮਹਾਂਮਾਰੀ ਦੇ ਲਗਾਤਾਰ ਕੇਸ ਵੱਧ ਰਹੇ ਕੇਸਾ ਦਾ ਮੁੱਖ ਕਾਰਨ ਲੋਕਾਂ ਵਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣਾ ਨਾ ਕਰਨਾ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਕਰੋਨਾ ਦੇ ਦੂਜੇ ਪੜਾਅ ਸਬੰਧੀ ਮੈਡੀਕਲ ਕਾਲਜ ਵਿਖੇ ਪ੍ਰਸਾਸ਼ਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
                    ਸੋਨੀ ਨੇ ਕਿਹਾ ਕਿ ਕਰੋਨਾ ਮੁੜ ਤੇਜੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਤੇ ਲੋਕ ਬਿਨਾਂ ਮਾਸਕ ਤੋਂ ਘੁੰਮ ਫਿਰ ਰਹੇ ਹਨ।ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਅਹਿਤਿਆਤ ਵਰਤਣ ਦੀ ਜਰਰੂਤ ਹੈ।95 ਫੀਸਦੀ ਤੋਂ ਜਿਆਦਾ ਲੋਕਾਂ ਦੇ ਬਿਨਾਂ ਮਾਸਕ ਤੋਂ ਘੁੰਮਣ ਕਰਕੇ ਕਰੋਨਾ ਦੇ ਕੇਸ ਵੱਧ ਰਹੇ ਹਨ।ਸੋਨੀ ਨੇ ਕਿਹਾ ਕਿ ਸਰਕਾਰ ਲੋਕਾਂ ਦਾ ਇਲਾਜ਼ ਕਰ ਸਕਦੀ ਹੈ, ਪ੍ਰੰਤੂ ਜਨਤਾ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ।ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ਼ ਦੀ ਲੈਬ ਵਿੱਚ ਰੋਜ਼ਾਨਾ 13000 ਤੋਂ ਵੱਧ ਕਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ ਜਿੰਨਾਂ ਵਿੱਚ ਅੰਮ੍ਰਿਤਸਰ ਦੇ 3000 ਤੋਂ ਵੱਧ ਲੋਕਾਂ ਦੇ ਟੈਸਟ ਹੋ ਰਹੇ ਹਨ।ਜਿਲੇ੍ਹ ‘ਚ ਹੁਣ ਤੱਕ 10000 ਤੋਂ ਵੱਧ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਟੈਸਟ ਕੀਤੇ ਗਏ ਹਨ ਜਿੰਨਾਂ ਵਿੱਚ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਵੀ ਕਰੋਨਾ ਪਾਜ਼ਟਿਵ ਪਾਏ ਗਏ ਹਨ।
                  ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਕਿਹਾ ਕਿ ਅਜੇ ਜਿਲੇ੍ਹ ਵਿੱਚ ਨਾਈਟ ਕਰਫਿਊ ਲਗਾਉਣ ਦਾ ਕੋਈ ਵਿਚਾਰ ਨਹੀਂ, ਜੇਕਰ ਲੋੜ ਪਈ ਤਾਂ ਲਗਾਇਆ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭੀੜ ਭੜੱਕੇ ਵਾਲੀਆਂ ਥਾਂਵਾਂ ‘ਤੇ ਮਾਸਕ ਦੀ ਵਰਤੋਂ ਨਾ ਕਰਨ ਵਾਲਿਆਂ ਖਿਲਾਫ ਨੂੰ ਜੁਰਮਾਨੇ ਕਰਨ ਅਤੇ ਹੁਕਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਟੈਸਟ ਵੀ ਕੀਤੇ ਜਾਣ।ਸੋਨੀ ਨੇ ਕਿਹਾ ਕਿ ਜਿਹੜੇ ਦੁਕਾਨਦਾਰ ਖੁਦ ਮਾਸਕ ਨਹੀਂ ਪਾਉਂਦੇ ਅਤੇ ਆਉਣ ਵਾਲੇ ਗਾਹਕਾਂ ਨੂੰ ਬਿਨਾਂ ਮਾਸਕ ਤੋਂ ਦੁਕਾਨ ਵਿੱਚ ਦਾਖਲ ਹੋਣ ਦਿੰਦੇ ਹਨ ਦੇ ਵੀ ਟੈਸਟ ਕੀਤੇ ਜਾਣਗੇ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਸੁਰਖਿਅਤ ਹੈ।ਉਨ੍ਹਾਂ ਨੇ ਖੁਦ ਵੀ ਵੈਕਸੀਨ ਲਗਵਾਈ ਹੈ ਅਤੇ ਇਸ ਦੇ ਨਾਲ ਨਾਲ ਜਿਲੇ੍ਹ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰ ਉਚ ਅਧਿਕਾਰੀਆਂ ਵੱਲੋਂ ਵੀ ਵੈਕਸੀਨ ਲਗਾਈ ਗਈ ਹੈ।
               ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਪ੍ਰਸਾਸ਼ਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ।ਜਿਸ ਵਿੱਚ ਆਕਸੀਜਨ ਦੀ ਸਪਲਾਈ, ਡਾਕਟਰੀ ਅਮਲਾ ਆਦਿ ਸ਼ਾਮਲ ਹੈ।
               ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਜਾ ਰਹੇ ਹਨ ਅਤੇ ਪੁਲਿਸ ਥਾਣਿਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਮਾਸਕ ਦਿੱਤੇ ਜਾ ਰਹੇ ਹਨ।
                 ਮੀਟਿੰਗ ਵਿੱਚ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਡਾ: ਸੁਜਾਤਾ ਸ਼ਰਮਾ ਡਾਇਰੈਕਟਰ ਮੈਡੀਕਲ ਸਿਖਿਆ ਤੇ ਖੋਜ਼, ਰਾਜੀਵ ਦੇਗਵਨ ਪ੍ਰਿੰਸੀਪਲ ਮੈਡੀਕਲ ਕਾਲਜ, ਡਾ: ਚਰਨਜੀਤ ਸਿੰਘ ਸਿਵਲ ਸਰਜਨ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …