Sunday, September 8, 2024

ਕਮਿਊਨਿਸਟ ਪਾਰਟੀ ਦੇ ਵਫਾਦਾਰ – ਮਨਿੰਦਰਪਾਲ ਸਿੰਘ ਲਾਡੀ !

                        ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਕਾਮਰੇਡ ਮਨਿੰਦਰਪਾਲ ਸਿੰਘ ਲਾਡੀ ਕੁੱਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।ਆਪਣੇ ਪਿੱਛੇ ਬਜੁਰਗ ਮਾਤਾ, ਪਤਨੀ ਅਤੇ ਦੋ ਬੇਟਿਆਂ ਨੂੰ ਛੱਡ ਗਏ ਕਾਮਰੇਡ ਲਾਡੀ ਪਰਿਵਾਰ ਵਿੱਚ ਦੋ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ।ਉਹਨਾਂ ਦੇ ਵਿਛੋੜੇ ਨਾਲ ਪਰਿਵਾਰ ਅਤੇ ਅੰਮ੍ਰਿਤਸਰ ਸ਼ਹਿਰ ਦੀ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਘਰ ਵਿੱਚ ਪਿਆਰ ਨਾਲ ਉਹਨਾਂ ਨੂੰ ਲਾਡੀ ਅਤੇ ਪਾਰਟੀ ਵਿੱਚ ਬਾਬਾ ਕਹਿ ਕੇ ਬੁਲਾਉਂਦੇ ਸਨ।
                       ਸਾਲ 2005 ਵਿੱਚ ਸਾਹਿਬਜ਼ਾਦਾ ਫਤਹਿ ਸਿੰਘ ਅਬਾਦੀ ਦੇ ਪਤਵੰਤੇ ਇਕੱਠੇ ਹੋ ਕੇ ਕਮਿਊਨਿਸਟ ਪਾਰਟੀ ਦੇ ਦਫਤਰ ਆਏ ਕਿ ਉਹਨਾਂ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ।ਕਾਂਗਰਸ, ਭਾਜਪਾ, ਅਕਾਲੀ ਆਦਿ ਸਾਰੇ ਆਗੂਆਂ ਤੋਂ ਲਾਰੇ ਲੱਪੇ ਤੋਂ ਬਿਨਾਂ ਕੁੱਝ ਨਹੀਂ ਮਿਲਿਆ।ਕਮਿਊਨਿਸਟ ਪਾਰਟੀ ਵੱਲੋਂ ਕਾਮਰੇਡ ਅਮਰਜੀਤ ਸਿੰਘ ਆਸਲ ਦੇ ਭਰੋਸੇ ਮੁਜ਼ਾਹਰਾ ਕੀਤਾ ਗਿਆ।ਮੁਜ਼ਾਹਰਾਕਾਰੀਆਂ ਦੀ ਗਿਣਤੀ ਇੰਨੀ ਜਿਆਦਾ ਸੀ ਕਿ ਮੇਅਰ ਸਮੇਤ ਨਗਰ ਨਿਗਮ ਦੇ ਸਾਰੇ ਅਧਿਕਾਰੀ ਦਫਤਰ ਬੰਦ ਕਰਕੇ ਇੱਧਰ ਉਧਰ ਹੋ ਗਏ।ਫਿਰ 24-24 ਘੰਟੇ ਦੀ ਭੁੱਖ ਹੜਤਾਲ ਦਾ ਕੈਂਪ ਲਗਾਇਆ ਗਿਆ, ਜੋ ਲਗਾਤਾਰ 29 ਦਿਨ ਚੱਲਿਆ।ਕਾਮਰੇਡ ਮਨਿੰਦਰਪਾਲ ਸਿੰਘ ਅੱਡ-ਅੱਡ ਦਿਨਾਂ ਵਿੱਚ 20 ਦਿਨ ਭੁੱਖ ਹੜਤਾਲ ਉਪਰ ਬੈਠੇ। ਅਖੀਰ ਲੋਕਾਂ ਦੀ ਜਿੱਤ ਹੋਈ ਅਤੇ ਮੰਤਰੀ ਸਰਦੂਲ ਸਿੰਘ ਅਤੇ ਮੇਅਰ ਸੁਨੀਲ ਦੱਤੀ ਨੇ ਆ ਕੇ ਐਲਾਨ ਕੀਤਾ ਕਿ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾਣਗੇ।ਇਲਾਕੇ ਵਿੱਚ ਕਮਿਊਨਿਸਟ ਪਾਰਟੀ ਦੀ ਬ੍ਰਾਂਚ ਬਣਾਈ ਗਈ ਤੇ ਕਾਮਰੇਡ ਮਨਿੰਦਰਪਾਲ ਸਿੰਘ ਪਾਰਟੀ ਦੇ ਮੁੱਢਲੇ ਮੈਂਬਰ ਬਣੇ।ਲਾਡੀ 2005 ਤੋਂ ਆਖਰੀ ਸਾਹਾਂ ਤੱਕ ਉਹ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਰਹੇ ਅਤੇ ਇਸ ਸਮੇਂ ਉਹ ਜਿਲ੍ਹਾ ਕੌਂਸਲ ਦੇ ਮੈਂਬਰ ਸਨ।ਪਾਰਟੀ ਵੱਲੋਂ ਕੀਤੀਆਂ ਗਈਆਂ ਸਾਰੀਆਂ ਮੁਹਿੰਮਾਂ ਅਤੇ ਚੋਣਾਂ ਸਮੇਂ ਮਹੀਨਿਆਂ ਬੱਧੀ ਕੰਮ ਵਿੱਚ ਜੁੱਟੇ ਰਹਿੰਦੇ ਸਨ। ਲੋਕਾਂ ਦੇ ਕੰਮਾਂ ਵਿੱਚ ਹਰ ਤਰ੍ਹਾਂ ਦਾ ਜੌਖ਼ਮ ਲੈ ਕੇ ਅੱਗੇ ਆਉਂਦੇ ਸਨ।ਜਿਸ ਕਰਕੇ ਉਹਨਾਂ ਉਪਰ ਝੂਠਾ ਕਤਲ ਕੇਸ ਵੀ ਰਜਿਸਟਰਡ ਹੋ ਗਿਆ ਸੀ।ਪਾਰਟੀ ਵੱਲੋਂ ਉਹਨਾਂ ਨੂੰ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਮੀਦਵਾਰ ਬਣਾਇਆ ਗਿਆ।ਉਹਨਾਂ ਦੀ ਸ਼ਾਦੀ ਵੀ ਪਾਰਟੀ ਦੇ ਆਗੂ ਸਾਥੀਆਂ ਨੇ ਹੀ ਕਰਵਾਈ ਸੀ।ਕਾਮਰੇਡ ਮਨਿੰਦਰਪਾਲ ਸਿੰਘ ਉਹਨਾਂ ਵਿਰਲੇ ਲੋਕਾਂ ਵਿੱਚੋਂ ਸਨ ਜੋ ਲੋਕਾਂ ਦੇ ਕੰਮਾਂ ਲਈ ਆਪਣੇ ਆਪ ਨੂੰ ਹਮੇਸ਼ਾਂ ਸਮਰਪਿਤ ਰਹਿੰਦੇ ਸਨ।
                      ਅੱਜ ਮਿਤੀ 11-04-2021 ਨੂੰ ਸਾਹਿਬਜਾਦਾ ਫਤਹਿ ਸਿੰਘ ਅਬਾਦੀ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ੋਕ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਕੰਮਿਊਨਿਸਟ ਪਾਰਟੀ ਅਤੇ ਦੂਜੀਆਂ ਪਾਰਟੀਆਂ ਦੇ ਆਗੂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।1004202101

(ਭੋਗ `ਤੇ ਵਿਸ਼ੇਸ਼)
ਦਸਵਿੰਦਰ ਕੌਰ
ਮੋ – 9988531939

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …