Thursday, November 21, 2024

ਯਾਰ ਫਲੂਸਾਂ ਵਰਗੇ

ਭੁੱਲ ਜਾਣ ਸੱਜਣ ਦੁੱਖਾਂ ਵੇਲੇ, ਏਹੋ ਜਿਹੇ ਨਹੀਂ ਭਾਲ਼ੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ ਦੇ।
ਘੇਰਾ ਬੰਨ੍ਹਣ ਸੁੱਖਾਂ ਵੇਲੇ, ਫਾਇਦਾ ਕੀ ਏ ਝੁੰਡਾਂ ਦਾ।
ਹੋਵੇ ਨਾਂ ਜਿੱਥੇ ਕੰਮ ਦੀ ਚਰਚਾ, ਕੀ ਫਾਇਦਾ ਏ ਖੁੰਢਾਂ ਦਾ।
ਛਿਲਕਾਂ ਵਾਲਾ ਪਾ ਗਲ਼ ਜੂਲ਼ਾ, ਮੋਢੇ ਨਹੀਂ ਜੇ ਗਾਲ਼ੀਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ ਦੇ।
ਅੱਖ ਦੱਬ ਕੇ ਟਿੱਚਰ ਕਰਨੀ, ਕੰਮ ਲਾਹਨਤੀ ਲੋਕਾਂ ਦਾ।
ਵਾਧੂ ਭਾਰ ਜੋ ਪਿਆ ਗਧੇੜੇ, ਸੰਗ ਛੱਡ ਦਿਉ ਜੋਕਾਂ ਦਾ।
ਪਵੇ ਮੁਸੀਬਤ ਢਾਲ ਨਹੀਂ ਬਣਦੇ, ਪਰਦੇ ਮਾੜੀ ਜਾਲ਼ੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ ਦੇ।
ਕੱਢ ਕੇ ਰੱਖੋ ਮੱਖੀ ਵਾਂਗੂੰ, ਦਵੇ ਜੋ ਮਾੜੀਆਂ ਮੱਤਾਂ ਨੂੰ।
ਕੀ ਕਰਨਾ ਜੇ ਕੰਬੀ ਜਾਵਣ, ਬੁਗਦਰ ਵਰਗੀਆਂ ਲੱਤਾਂ ਨੂੰ।
ਮਾਰ ਦਿੰਦੀਆਂ ਥੋਕ ਸਲਾਹਾਂ, ਸੌਦੇ ਕਰਕੇ ਕਾਹਲੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ ਦੇ।
ਕਰਦਾ ਕਦੇ ਲਿਹਾਜ਼ ਨਹੀਂ ਹੁੰਦਾ, ਹੱਥ ਵਿੱਚ ਗੁੱਛਾ ਸੂਲ਼ਾਂ ਦਾ।
ਮੌਕੇ ‘ਤੇ ਇਤਬਾਰ ਨਹੀਂ ਹੁੰਦਾ, ਬੇਲੋੜੀਆਂ ਚੂਲ਼ਾਂ ਦਾ।
ਮਾੜੇ ਰਹਿਣ ਨਤੀਜ਼ੇ ਯਾਰੀ, ਛੋਲਿਆਂ ਦੇ ਵੱਢ ਵਾਲੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ ਦੇ।
ਬਿਨ੍ਹਾਂ ਕੰਮ ਤੋਂ ਰੌਲ਼ਾ ਰੱਪਾ, ਚੂਹੀਆਂ ਵਰਗੇ ਜ਼ੇਰੇ ਨੇ।
ਸੰਧੂ ਵੱਗ ਕੁਤੀੜਾਂ ਨਾਲੋਂ, ਦੋ ਚਾਰ ਯਾਰ ਬਥੇਰੇ ਨੇ।
ਅੱਤ ਚੁੱਕਣ ਤੋਂ ਜ਼ਿਆਦਾ ਚੰਗਾ, ਥੋੜੇ੍ਹ ਜਸ਼ਨ ਮਨ੍ਹਾਂ ਲਈਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ ਦੇ। 13042021

ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ।
ਮੋ: 97816-93300

Check Also

68ਵੀਆਂ ਨੈਸ਼ਨਲ ਖੇਡਾਂ ‘ਚੋਂ ਕੋਮਲਪ੍ਰੀਤ ਨੇ ਜਿੱਤਿਆ ਕਾਂਸੇ ਦਾ ਤਮਗਾ

ਭੀਖੀ, 21 ਨਵੰਬਰ (ਕਮਲ ਜ਼ਿੰਦਲ) – ਜੰਮੂ ਵਿਖੇ ਹੋਈਆਂ 68ਵੀਆਂ ਨੈਸ਼ਨਲ ਖੇਡਾਂ ਵਿੱਚ ਸਰਵਹਿੱਤਕਾਰੀ ਵਿੱਦਿਆ …