ਜੁਆਲਾ ਸਿੰਘ ਥਿੰਦ ਜਨ: ਸਕੱਤਰ ਤੇ ਕੁਲਵੰਤ ਤਰਕ ਬਣੇ ਸਰਪ੍ਰਸਤ
ਸਮਰਾਲਾ, 19 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ ਸਮਰਾਲਾ (ਰਜਿ:) ਵਲੋਂ ਨਵੇਂ ਅਹੁੱਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਨਰਿੰਦਰ ਮਣਕੂ ਦੀ ਪੂਧਾਨਗੀ ਹੇਠ ਹੋਈ।ਜਿਸ ਵਿਚ 11 ਅਪ੍ਰੈਲ ਨੂੰ ਹੋਏ ਫੈਸਲੇ ਮੁਤਾਬਿਕ ਰੱਖੀ ਗਈ।ਜੁਆਲਾ ਸਿੰਘ ਥਿੰਦ ਨੇ ਦੱਸਿਆ ਕਿ ਇਹ ਚੋਣ ਦੋ ਸਾਲ ਲਈ ਕੀਤੀ ਗਈ ਹੈ।ਮੰਚ ਦੀ ਪ੍ਰਧਾਨਗੀ ਲਈ ਨਰਿੰਦਰ ਮਣਕੂ ਦੇ ਨਾਂ ਦੀ ਤਜਵੀਜ਼ ‘ਤੇ ਸਾਰੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਦਿੱਤੀ।ਨਵੇਂ ਚੁਣੇ ਪ੍ਰਧਾਨ ਨਰਿੰਦਰ ਮਣਕੂ ਸਭਾ ਦਾ ਪੁਰਾਣੇ ਸਾਹਿਤਕਾਰ ਹਨ, ਜੋ ਦੋ ਗਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ ਤੇ ਦੋ ਖਰੜੇ ਅਣਛਪੇ ਜਲਦੀ ਪਾਠਕਾਂ ਦੀ ਕਚਹਿਰੀ ‘ਚ ਪੇਸ਼ ਹੋਣਗੇ।
ਹੋਰਨਾਂ ਅਹੁਦੇਦਾਰਾਂ ਵਿੱਚ ਸੁਰਜੀਤ ਵਿਸਦ ਅਤੇ ਕੁਲਵੰਤ ਤਰਕ ਦੋਨਾਂ ਨੂੰ ਮੰਚ ਦਾ ਸਰਪ੍ਰਸਤ ਬਣਾਇਆ ਗਿਆ। ਜੁਆਲਾ ਸਿੰਘ ਥਿੰਦ ਜਨਰਲ ਸਕੱਤਰ, ਭੁਪਿੰਦਰ ਸਿੰਘ ਡਿਓਟ ਸਹਾਇਕ ਸਕੱਤਰ, ਕਰਮਚੰਦ ਵਿੱਤ ਸਕੱਤਰ, ਸੂਰੀਆਕਾਂਤ ਵਰਮਾ ਮੀਤ ਪ੍ਰਧਾਨ ਚੁਣੇ ਗਏ।ਨਰਿੰਦਰ ਮਣਕੂ ਨੇ ਲੇਖਕ ਮੰਚ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਜਿੰਮੇ ਲਗਾਈ ਗਈ ਹੈ, ਉਸ ਪ੍ਰਤੀ ਉਹ ਪੂਰੀ ਇਮਾਨਦਾਰੀ ਤੇ ਲਗਨ ਨਾਲ ਆਪਣੀਆਂ ਸੇਵਾਵਾਂ ਦੇਣਗੇ। ਨਵੇਂ ਚੁਣੇ ਅਹੁਦੇਦਾਰਾਂ ਨੇ ਆਸ ਪ੍ਰਗਟਾਈ ਕਿ ਲੇਖਕ ਮੰਚ ਦੀ ਨਵੀਂ ਚੁਣੀ ਟੀਮ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਅਤੇ ਸਮਾਜ ‘ਚ ਪੰਜਾਬੀ ਸਾਹਿਤ ਪ੍ਰਤੀ ਚੇਟਕ ਲਾਉਣ ਲਈ ਅਜਿਹੇ ਪ੍ਰੋਗਰਾਮ ਕਰੇਗੀ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਨੌਜਵਾਨਾਂ ਵਿੱਚ ਆਕਰਸ਼ਨ ਪੈਦਾ ਹੋ ਸਕੇ।