ਪੂਰੇ ਦੇਸ਼ ‘ਚੋਂ ਅੰਮ੍ਰਿਤਸਰ ਦੀ ਪੰਚਾਇਤ ਨੂੰ ਪੁਰਸਕਾਰ ਲਈ ਚੁਣੇ ਜਾਣਾ ਮਾਣ ਵਾਲੀ ਗੱਲ ਮੂਧਲ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਚੂਐਲ ਸਮਾਗਮ ਰਾਹੀਂ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਵਧੀਆ ਕੰਮ ਕਰਨ ਵਾਲੀਆਂ ਪੰਚਾਇਤਾਂ ਅਤੇ ਆਪਣੇ ਪਿੰਡ ਨੂੰ ਚੰਗੇ ਕੰਮ ਤੇ ਚੰਗੀਆਂ ਸਹੂਲਤਾਂ ਦੇਣ ਵਾਲੇ ਨੂੰ ਸਨਮਾਨਿਤ ਕੀਤਾ ਅਤੇ ਨਗਦ ਰਾਸ਼ੀ ਵੀ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਂਝੇ ਉਦਮਾਂ ਰਾਹੀਂ ਪੰਚਾਇਤੀ ਰਾਜ ਨਾਲ ਸਬੰਧਤ ਕੰਮ ਕਰਵਾਏ ਜਾਂਦੇ ਹਨ।ਇਸ ਤਹਿਤ ਅੰਮ੍ਰਿਤਸਰ ਜ਼ਿਲੇ ਦੀ ਗ੍ਰਾਮ ਪੰਚਾਇਤ ਨੂੰ ਭਾਰਤ ਸਰਕਾਰ ਵਲੋਂ ਅੱਜ ਪਹਿਲੇ ਨੰਬਰ ‘ਤੇ ਚੁਣਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਨਲਾਈਨ 10 ਲੱਖ ਰੁਪਏ ਦੀ ਗ੍ਰਾਂਟ ਇਸ ਪੰਚਾਇਤ ਨੂੰ ਜਾਰੀ ਕੀਤੀ ਗਈ ਹੈ।ਮੂਧਲ ਨੇ ਦੱਸਿਆ ਕਿ ਮਹਿਤਾ ਪੰਚਾਇਤ ਵਲੋਂ ਪਿੰਡ ਵਾਸੀਆਂ ਲਈ ਬਹੁਤ ਚੰਗੇ ਉਪਰਾਲੇ ਕੀਤੇ ਗਏ।ਪਿੰਡ ਦੀਆਂ ਗਲੀਆਂ ਵਿੱਚ ਸੋਲਰ ਲਾਈਟਾਂ, ਵਧੀਆ ਨਾਲੀਆਂ ਅਤੇ ਸਫ਼ਾਈ ਦਾ ਵਧੀਆ ਪ੍ਰਬੰਧ ਆਦਿ ਸੁਚੱਜੇ ਢੰਗ ਨਾਲ ਕੀਤਾ ਗਿਆ।ਪਿਛਲੇ ਦਿਨੀ ਭਾਰਤ ਸਰਕਾਰ ਵਲੋਂ ਟੀਮ ਭੇਜ ਕੇ ਪਿੰਡ ਦਾ ਮੁਆਇਨਾ ਕੀਤਾ ਗਿਆ।ਉਨਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਜ਼ਿਲੇ ਵਿਚੋਂ ਇਹ ਪੰਚਾਇਤ ਪੁਰਸਕਾਰ ਲਈ ਚੁਣੀ ਗਈ।
ਮਹਿਤਾ ਦੇ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਹਰ ਨਾਗਰਿਕ ਪਿੰਡ ਦੇ ਕੰਮ ਨੂੰ ਆਪਣੀ ਡਿਊਟੀ ਸਮਝ ਕੇ ਕਰਦਾ ਹੈ, ਪਿੰਡ ਵਿਚ ਕੋਈ ਵੀ ਪਾਰਟੀਬਾਜੀ ਨਹੀਂ ਹੈ। ਜੋ ਵੀ ਸਰਕਾਰ ਵਲੋਂ ਗ੍ਰਾਂਟ ਆਉਂਦੀ ਹੈ।ਉਸ ਨਾਲ ਪੰਚਾਇਤ ਵਲੋਂ ਵਧੀਆ ਅਤੇ ਗੁਣਵਤਾ ਪੂਰਵਕ ਕੰਮ ਨੇਪਰੇ ਚਾੜ੍ਹੇ ਜਾਂਦੇ ਹਨ।
ਇਸ ਮੌਕੇ ਤੇ ਪ੍ਰਗਟ ਸਿੰਘ ਬੀ.ਡੀ.ਓ ਰਈਆ, ਗੁਰਦਸ਼ਨ ਲਾਲ ਖੁੰਡਰ ਡਿਪਟੀ ਸੀ.ਈ.ਓ ਅਤੇ ਹੋਰ ਪਤਵੰਤੇ ਹਾਜ਼ਰ ਸਨ।