ਦੇਸ਼ ਤੇ ਭਾਰਤੀ ਫੌਜ ਨੂੰ ਜਸਕਰਨ ਸਿੰਘ ਤੋਂ ਵੱਡੀਆਂ ਆਸਾਂ – ਪ੍ਰਿੰਸੀਪਲ ਛੀਨਾ
ਅੰਮ੍ਰਿਤਸਰ, 18 ਮਈ (ਸੰਧੂ) – ਕੌਮਾਂਤਰੀ ਤੇ ਕੌਮੀ ਪੱਧਰ ਦੇ ਰੈਸਲਿੰਗ ਖਿਡਾਰੀ ਪੈਦਾ ਕਰਨ ਵਾਲੇ ਪਹਿਲਵਾਨ ਪਦਾਰਥ ਸਿੰਘ ਕੋਹਾਲੀ ਦੇ ਸ਼ਾਗਿਰਦ ਤੇ ਕੌਮੀ
ਪੱਧਰ ਦੇ ਰੈਸਲਿੰਗ ਖਿਡਾਰੀ ਜਸਕਰਨ ਸਿੰਘ ਨੇ ਭਾਰਤੀ ਫੌਜ ਦੇ ਇੰਟਰ ਯੁੂਨਿਟ ਮੁਕਾਬਲਿਆਂ ‘ਚ 81 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।ਕੌਮੀ ਪੱਧਰ ਦੇ ਰੈਸਲਿੰਗ ਖਿਡਾਰੀ ਤੇ ਭਾਰਤੀ ਫੌਜ ਦੀ ਸ਼ਾਨ ਰੈਸਲਰ ਜਸਕਰਨ ਸਿੰਘ ਦੇ ਜੱਦੀ ਪਿੰਡ ਤੋਲਾ ਨੰਗਲ ਆਉਣ ‘ਤੇ ਪਿੰਡ ਵਾਸੀਆਂ ਤੇ ਖਿਡਾਰੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।ਇਸ ਪਲੇਠੀ ਪ੍ਰਾਪਤੀ ਨਾਲ ਉਸ ਨੇ ਇਲਾਕਾ ਨਿਵਾਸੀਆਂ ਅਤੇ ਆਪਣੇ ਕੋਚਾਂ ਦਾ ਨਾਮ ਰੌਸ਼ਨ ਕੀਤਾ ਹੈ।
ਜਸਕਰਨ ਸਿੰਘ ਦੇ ਪਿਤਾ ਉਘੇ ਲੇਖਕ ਤੇ ਚਿੰਤਕ ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸਕਰਨ ਸਿੰਘ ਜੋ ਕਿ ਭਾਰਤੀ ਫੌਜ ਦੀ 21 ਸਿੱਖ ਰੈਜੀਮੈਂਟ ਰਾਮਗੜ੍ਹ ਵਿਖੇ ਤਾਇਨਾਤ ਹੈ।ਉਹ ਕੁੱਝ ਮਹੀਨੇ ਪਹਿਲਾਂ ਹੀ ਬਤੌਰ ਖਿਡਾਰੀ ਫੌਜ ਵਿੱਚ ਭਰਤੀ ਹੋਇਆ ਸੀ।ਇਸ ਤੋਂ ਪਹਿਲਾਂ ਉਸ ਨੇ ਕਈ ਸਕੂਲੀ, ਕਾਲਜ ਤੇ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਅਹਿਮ ਮੱਲ੍ਹਾਂ ਮਾਰੀਆਂ ਹਨ।ਮੂਲ ਰੂਪ ਵਿੱਚ ਉਸ ਨੇ ਕੋਚ ਗੁਰਮੀਤ ਸਿੰਘ ਸੰਧੂ ਤੇ ਕੋਚ ਰਜਿੰਦਰ ਸਿੰਘ ਛੀਨਾ ਕੋਲੋਂ ਸਿਖਿਆ ਹਾਸਲ ਕੀਤੀ ਅਤੇ ਬਾਅਦ ਵਿੱਚ ਰੈਸਲਿੰਗ ਖੇਡ ਖੇਤਰ ਨੂੰ ਅਪਨਾਉਂਦੇ ਹੋਏ ਕੌਮਾਂਤਰੀ ਤੇ ਕੌਮੀ ਪੱਧਰ ਦੇ ਰੈਸਲਿੰਗ ਖਿਡਾਰੀ ਪੈਦਾ ਕਰਨ ਵਾਲੇ ਪਹਿਲਵਾਨ ਪਦਾਰਥ ਸਿੰਘ ਕੋਹਾਲੀ ਨੂੰ ਆਪਣਾ ਗੁਰੂ ਧਾਰ ਲਿਆ।ਭਰਤੀ ਹੋਣ ਤੱਕ ਉਸ ਨੇ ਕਈ ਵੱਕਾਰੀ ਟ੍ਰਾਫੀਆਂ, ਮੈਡਲਾਂ ਤੇ ਇਨਾਮਾਂ ‘ਤੇ ਆਪਣਾ ਹੱਕ ਜਤਾਇਆ।ਉਨ੍ਹਾਂ ਦੱਸਿਆ ਕਿ ਜਸਕਰਨ ਸਿੰਘ ਦੀਆਂ ਪ੍ਰਾਪਤੀਆਂ ‘ਚ ਉਸ ਦੀ ਮਾਤਾ ਗੁਰਪ੍ਰੀਤ ਕੌਰ ਅਤੇ ਭੈਣ ਅਕਾਲਜੋਤ ਕੌਰ ਦੀ ਅਹਿਮ ਭੂਮਿਕਾ ਰਹੀ ਹੈ।
ਪ੍ਰਿੰਸੀਪਲ ਗੁਰਬਾਜ਼ ਸਿੰਘ ਤੋਲਾ ਨੰਗਲ ਨੇ ਕਿਹਾ ਕਿ ਜਸਕਰਨ ਸਿੰਘ ਤੋਂ ਦੇਸ਼ ਅਤੇ ਭਾਰਤੀ ਫੌਜ ਨੂੰ ਵੱਡੀਆਂ ਆਸਾਂ ਹਨ।
Punjab Post Daily Online Newspaper & Print Media