Saturday, April 13, 2024

ਚੜ੍ਹਦੀ ਕਲਾ

ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ ਸਰਬਤ ਦਾ ਭਲਾ;
ਤੂੰ ਔਖੀ ਘਾਟੀ ਜੇ ਚੜ੍ਹ ਜਾਵੇਂ,
ਲੋਕ ਕਹਿਣਗੇ ਚੜ੍ਹਦੀ ਕਲਾ।

ਜੀਵਨ ਸਫਲ ਬਣਾਉਣਾ ਹੈ ਜੇ,
ਤਾਂ ਕਿਰਤ ਕਰਨ ਤੋਂ ਡੋਲੀਂ ਨਾ।
ਮਿੱਠੀ ਬੜੀ ਹੈ ਗੁਰਾਂ ਦੀ ਬਾਣੀ,
ਹੰਕਾਰ ‘ਚ ਕਦੇ ਵੀ ਬੋੋਲੀਂ ਨਾ।
ਤੂੰ ਹੱਥ ‘ਚ ਫੜੀਂ ਛੁਰੀ ਨਾ ਹੋਵੇ
ਨਾ ਛੁਰੀ ਦੇ ਹੇਠਾਂ ਹੋਵੇ ਗਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੋ, ਸਰਬਤ ਦਾ ਭਲਾ।

ਗੁਣ ਚੰਗਿਆਈ, ਤਾਂ ਮਿਲੇਗੀ,
ਜੇ ਤੇਰੀ ਉੱਤਮ, ਹੋਵੇਗੀ ਬੁੱਧ।
ਤੇਰਾ ਕੁੱਝ ਵਿਗੜ ਨਹੀਂ ਜਾਣਾ,
ਜੇ, ਬੁੱਧ ਰੱਖੇਂਗਾ ਆਪਣੀ ਸ਼ੁੱਧ।
ਹਰਦਮ ਹੈ, ਤੇਰੇ ਅੰਦਰ ਵੱਸਦਾ
ਵਾਹਿਗੁਰੂ, ਰਾਮ, ਈਸਾ ਤੇ ਅੱਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ, ਸਰਬਤ ਦਾ ਭਲਾ।

ਮਿਹਨਤ ਤਾਂ ਹੀ ਕੰਮ ਆਵੇਗੀ,
ਕਰਨੀ ਛੱਡ ਦਈਂ ਹੇਰਾ-ਫੇਰੀ।
ਹੱਕ ਪਰਾਇਆ ਕਦੇ ਨਾ ਖਾਵੀਂ,
ਤੂੰ ਇਹੋ ਹੀ ਗੱਲ ਮੰਨ ਲੈ ਮੇਰੀ।
ਦੁਨੀਆਂ ਨਾਲ ਤੂੰ ਕਰਕੇ ਨਫ਼ਰਤ
ਐਵੇਂ ਨਾ ਫਿਰ ਹੋ ਜਾਈਂ ਝੱਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ ਸਰਬਤ ਦਾ ਭਲਾ।

‘ਸੁਹਲ’ ਸੱਚੇ ਕਰਮ ਕਮਾਇਉ,
ਦੁੱਖੀਆਂ ਦਾ ਵੀ ਦੁੱਖ ਵੰਡਾਇਉ।
ਕਦੇ ਨਾ ਸੋਚਿਓ ਬੁਰਾ ਕਿਸੇ ਦਾ,
ਨਾ ਕੋਈ ਪੁੱਠਾ ਵਾਰ ਚਲਾਇਉ।
ਚੰਗੇ ਕੰਮ, ਤੇਰੇ ਨਾਲ ਰਹਿਣਗੇ,
ਕੋਈ ਕਹਿ ਸਕੇ ਨਾ ਤੈਨੂੰ ਕੱਲ੍ਹਾ;
ਭਲਾ ਕਿਸੇ ਦਾ ਕਰ ਕੇ ਹੱਥੀਂ
ਫਿਰ ਮੰਗੀਂ ਸਰਬਤ ਦਾ ਭਲਾ। 23052021

ਮਲਕੀਅਤ ‘ਸੁਹਲ’
ਮੋ-9872848610

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …