Sunday, September 8, 2024

ਆਕਸੀਜ਼ਨ

               ਅੱਜ ਕਰੋਨਾ ਮਹਾਂਮਾਰੀ ਨਾਲ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਤੇ ਆਕਸੀਜ਼ਨ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਦਿਆਂ ਅਨੇਕਾਂ ਮਨੁੱਖੀ ਜਾਨਾਂ ਜਾ ਰਹੀਆਂ ਹਨ, ਪਰ ਅਸੀਂ ਕਿੰਨੇ ਖੁਦਗਰਜ਼ ਇਨਸਾਨ ਹਾਂ।ਜਿੰਨਾਂ ਨੂੰ ਅਜਿਹੇ ਭਿਆਨਕ ਸਮੇਂ ‘ਚ ਵੀ ਮਨੁੱਖੀ ਜੀਵਨ ਵਿੱਚ ਦਰੱਖਤਾਂ ਦੀ ਅਹਿਮੀਅਤ ਬਾਰੇ ਸਮਝ ਨਹੀਂ ਆਈ।
                 ਪਹਿਲਾਂ ਤਾਂ ਅਸੀਂ ਆਪਣੇ ਖੇਤਾਂ ਵਿਚੋਂ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਤੇ ਜੰਗਲਾਂ ਦੀ ਸਫਾਈ ਕਰਨ ਤੋਂ ਇਲਾਵਾ ਸੜਕਾਂ ਦੇ ਆਲੇ ਦੁਆਲੇ ਤੋਂ ਦਰੱਖਤਾਂ ਦੀ ਕਟਾਈ ਨਾਲ ਅਸੀਂ ਲੱਖਾਂ ਰੱਖਾਂ ਦਾ ਉਜਾੜਾ ਕਰ ਦਿੱਤਾ ਹੈ।ਜਿਸ ਕਾਰਨ ਅਸੀਂ ਸਾਹ, ਦਮਾ, ਚਮੜੀ ਰੋਗ ਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ, ਪਰ ਰੁੱਖਾਂ ਨੂੰ ਕੱਟਣ ਤੇ ਸਾੜਣ ਤੋਂ ਅਸੀਂ ਫਿਰ ਵੀ ਗੁਰੇਜ਼ ਨਹੀਂ ਕਰ ਰਹੇ। 
                     ਅੱਜ ਦੇ ਸਮੇਂ ਵਿੱਚ ਜੇਕਰ ਰੁੱਖਾਂ ਦੀ ਕਟਾਈ ਤੋਂ ਬਾਅਦ ਦੂਜੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਲਗਾਈ ਜਾਂਦੀ ਅੱਗ ਕਾਰਨ ਜਿੱਥੇ ਖੇਤਾਂ ਵਿਚ ਬਚੇ ਹੋਏ ਰੁੱਖ ਸੜ ਰਹੇ ਹਨ।ਉਥੇ ਸੜਕ ਕਿਨਾਰਿਆਂ ਤੇ ਲੱਗੇ ਰੁੱਖਾਂ ਦੀਆਂ ਜੜ੍ਹਾਂ ਅੱਗ ਕਾਰਨ ਮਚ ਰਹੀਆਂ ਹਨ ਤੇ ਦਿਨੋ ਦਿਨ ਸੜਕ ਕਿਨਾਰਿਆਂ ਤੇ ਰੁੱਖ ਸੁੱਕ ਰਹੇ ਹਨ ।
                   ਗੱਲ ਸੋਚਣ ਵਾਲੀ ਇਹ ਹੈ ਕਿ ਵਣ ਵਿਭਾਗ ਦੇ ਅਧਿਕਾਰੀ ਸਿਰਫ ਤਨਖਾਹਾਂ ਲੈਣ ਨੂੰ ਹੀ ਰੱਖੇ ਹੋਏ ਹਨ ਕਿ ਉਹਨਾਂ ਦੀ ਵੀ ਰੁੱਖਾਂ ਨੂੰ ਬਚਾਉਣ ਲਈ ਕੋਈ ਜਿੰਮੇਵਾਰੀ ਤੈਅ ਹੈ ? ਜੇਕਰ ਤੈਅ ਹੈ ਤਾਂ ਫਿਰ ਸੜਕਾਂ ਰੁੱਖਾਂ ਬਗੈਰ ਖਾਲੀ ਕਿਉਂ ਹੋ ਰਹੀਆਂ ਹਨ ?
                  ਰੁੱਖਾਂ ਨੂੰ ਅੱਗਾਂ ਕਿਉਂ ਲੱਗ ਰਹੀਆਂ ਹਨ ?
                  ਅਸੀਂ ਭਾਵੇਂ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਨਾ ਤਾਂ ਕਿਸੇ ਕੋਲ ਸਾਡੇ ਸੁਆਲਾਂ ਦਾ ਜੁਆਬ ਹੈ ਤੇ ਨਾ ਹੀ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੇ ਕੋਈ ਕਦਮ ਚੁੱਕਣਾ ਹੈ।ਪਰ ਲੋਕਾਂ ਨੂੰ ਦਰੱਖਤਾਂ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਅਤੇ ਰੁੱਖਾਂ ਦੀ ਸੇਵਾ ਸੰਭਾਲ ਕਰਨੀ ਅੱਜ ਸਮੇਂ ਦੀ ਵੱਡੀ ਜਰੂਰਤ ਹੈ।ਜਿਸ ਸਦਕਾ ਵਾਤਾਵਰਨ ਪ੍ਰੇਮੀ ਜਸਵਿੰਦਰ ਸ਼ਰਮਾ, ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਚਮਕੌਰ ਸਿੰਘ ਸ਼ਾਹਪੁਰ, ਗੁਰਮੀਤ ਸਿੰਘ ਗਾਗੇਵਾਲ, ਜਗਸੀਰ ਸਿੰਘ ਸਰਪੰਚ ਲੋਹਾਖੇੜਾ, ਕਮਲ ਚਹਿਲ ਸਮਾਓ ਅਤੇ ਉੱਘੇ ਕਲਮ ਨਵੀਸ ਮੁਖਤਿਆਰ ਸਿੰਘ ਪੱਖੋਂ ਕਲਾਂ ਵਰਗੇ ਨੇਕ ਇਨਸਾਨ ਇਹਨਾਂ ਰੁੱਖਾਂ ਨੂੰ ਬਚਾਉਣ ਲਈ ਸ਼ੋਸ਼ਲ ਮੀਡੀਆ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ।
                 ਅਸੀਂ ਰੁੱਖਾਂ ਦੀ ਕਟਾਈ ਕਰਕੇ ਅਤੇ ਇਹਨਾਂ ਨੂੰ ਅੱਗ ਨਾਲ ਸਾੜ ਕੇ ਕੇਵਲ ਜੀਵ ਜੰਤੂਆਂ ਦੀ ਹੋਂਦ ਨੂੰ ਹੀ ਨਹੀਂ ਸਗੋਂ ਖੁਦ ਇਸ ਧਰਤੀ ਤੇ ਮਨੁੱਖ ਦੀ ਹੋਂਦ ਨੂੰ ਖਤਰੇ ਵਿੱਚ ਪਾਉਣ ਦੇ ਰਾਹ ਤੁਰੇ ਹੋਏ ਹਾਂ ਜਿਸ ਦੇ ਭਿਆਨਕ ਨਤੀਜੇ ਆਪਾਂ ਸਭ ਮੌਜ਼ੂਦਾ ਸਮੇਂ ਵਿੱਚ ਸਾਰੇ ਵੇਖ ਹੀ ਰਹੇ ਹਾਂ।
                ਜਿਕਰਯੋਗ ਹੈ ਕਿ ਜਿਥੇ ਵਾਤਾਵਰਨ ਵਿਰੋਧੀ ਲੋਕ ਅਜਿਹੀਆਂ ਰੁੱਖਾਂ ਨੂੰ ਵੱਢਣ ਅਤੇ ਸਾੜਣ ਵਰਗੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਉਥੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਹਪੁਰ ਕਲਾਂ ਦੀ ਲੋਕਲ ਕਮੇਟੀ ਜਿੱਥੇ ਧਾਰਮਿਕ ਸਮਾਗਮ ਤੇ ਪੌਦੇ ਵੰਡ ਕੇ ਲੋਕਾਂ ਨੂੰ ਰੁੱਖਾਂ ਦੀ ਅਹਿਮੀਅਤ ਵਾਰੇ ਜਾਗਰੂਕ ਕਰ ਰਹੀ ਅਤੇ ਕਮੇਟੀ ਵੱਲੋਂ ਤਿਆਰ ਕੀਤੀ ਮਿੰਨੀ ਫਾਇਰ ਬ੍ਰਿਗੇਡ ਦੀ ਗੱਡੀ ਸੜ ਰਹੇ ਰੁੱਖਾਂ ਨੂੰ ਬਚਾਉਣ ਲਈ ਸਾਰਥਿਕ ਰੋਲ ਅਦਾ ਕਰ ਰਹੀ ਹੈ।23052021

ਮੱਖਣ ਸਿੰਘ ਸ਼ਾਹਪੁਰ (ਸੰਗਰੂਰ)
ਮੋ – 9915638411

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …