Sunday, December 22, 2024

ਹੱਕ ਦੇ ਨਿਬੇੜੇ (ਮਿੰਨੀ ਕਹਾਣੀ)

                ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ।ਤੁਰਨਾ ਫਿਰਨਾ ਉਸ ਲਈ ਔਖਾ ਸੀ।ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ।“ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ, ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ।ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, ਤੁੰ ਘਰ ਰਹਿ ਕੇ ਖੇਤਾਂ ਵੱਲ ਧਿਆਨ ਰੱਖੀਂ।ਇੱਕ ਬੰਦਾ ਘਰ ਵੀ ਜਰੂਰੀ ਐ।ਓਏ ਨਾਜ਼ਰਾ ਦੱਸ ਖਾਂ ਦਿੱਲੀ ਦੀ ਕੋਈ ਖਬਰਸਾਰ ਕੀ ਐ।ਹੁਣ ਤਾਂ ਆ ਫੋਨਾਂ ‘ਚ ਤਾਂ ਬਿੰਦ-ਬਿੰਦ ਖਬਰਾਂ ਆਉਂਦੀਆਂ ਨੇ, ਜਵਾਕ ਦੱਸਦੇ ਸੀ”, ਜੰਗੀਰ ਸਿੰਓ ਨੇ ਖੂੰਡਾ ਥੜ੍ਹੇ ‘ਤੇ ਰੱਖ ਕੇ ਬੈਠਦਿਆਂ ਹੋਇਆਂ ਕਿਹਾ।
                “ਕੀ ਦੱਸਾਂ ਤਾਇਆ ਬੜਾ ਔਖਾ ਹੋਇਆ ਪਿਆ।ਪਰ ਕਿਸਾਨ ਵੀਰ ਅਜੇ ਵੀ ਹਿੰਮਤ ਬੰਨ੍ਹੀ ਬੈਠੇ ਐ।ਰੋਜ਼ ਪੰਜਾਬ ਦੇ ਪੁੱਤ ਸ਼ਹੀਦ ਹੋ ਰਹੇ ਨੇ, ਪਰ ਐ ਮੋਦੀ ਭਗਤ ਕਹਿੰਦੇ ਕਿਸਾਨ ਤਾਂ ਸੈਰ-ਸਪਾਟੇ ਕਰਨ ਆਏ ਨੇ……ਲੰਗਰ ਛੱਕਣ ਆਏ ਐ”, ਨਾਜ਼ਰ ਨੇ ਉਦਾਸੀ ਨਾਲ ਜਵਾਬ ਦਿੱਤਾ।
                “ਓਏ ਇਨ੍ਹਾਂ ਕੰਜ਼ਰਾਂ ਨੂੰ ਕੋਈ ਪੁੱਛੇ ਲੰਗਰ ਤਾਂ ਅਸੀਂ ਛਕਾ ਕੇ ਤਾਂ ਹਜ਼ਾਰਾਂ ਭੁੱਖੇ ਢਿੱਡ ਭਰਦੇ ਐਂ।ਅੰਨਦਾਤੇ ਹਾਂ ਇਸ ਦੇਸ਼ ਦੇ…। ਘਰਾਂ ਦੇ ਘਰ ਉਜੜ ਰਹੇ ਐ।ਹੁਣ ਤਾਂ ਇਹ ਕੋਈ ਆਮ ਧਰਨਾ ਨਹੀਂ ਰਿਹਾ।ਇਹ ਵਕਤ ਕਿਸੇ ਸੰਤਾਪ ਜਾਂ ਹੱਲ਼ਿਆਂ ਤੋਂ ਘੱਟ ਨਹੀਂ ਐ। ਨਾਜ਼ਰਾ ਇਹ ਪੈਸੇ ਦੇ ਭੁੱਖੇ ਕੀ ਜਾਨਣ ਪੰਜਾਬ ਦੇ ਦਰਦ ਨੂੰ…। ਐਵੇਂ ਤਾਂ ਨਹੀਂ ਕਹਿੰਦੇ ਆਪਣੀ ਲੱਗੀ ਤਾਂ ਆਪ ਹੀ ਜਾਣੇ। ਦੁੱਖ ਤਾਂ ਬੜਾ ਹੁੰਦਾ ਐ, ਪਰ ਵਕਤ ਸਦਾ ਮਾੜਾ ਨਹੀਂ ਰਹਿੰਦਾ, ਆਪਣਾ ਵੀ ਵਕਤ ਆਵੇਗਾ। ਫਿਰ ਵੇਖਾਂਗੇ ਇਹ ਕੁਰਬਾਨੀਆਂ ਐਵੇਂ ਨਹੀਂ ਜਾਣ ਦੇਵਾਂਗੇ। ਹੱਕ ਦੇ ਨਿਬੇੜੇ ਹੁਣ ਹੋਣ ਜਾਂ ਫਿਰ ਕੱਲ੍ਹ……”, ਜੰਗੀਰ ਸਿੰਓ ਦੇ ਚਿਹਰੇ ‘ਤੇ ਰੋਹ, ਦਰਦ ਤੇ ਉਮੀਦ-ਹੌਂਸਲੇ ਦੇ ਸੱਤ ਰੰਗ ਇਕੱਠੇ ਉਭਰ ਕੇ ਇੱਕ ਵੰਗਰ ਬਣ ਰਹੇ ਸੀ।23052021

ਸੁਖਵਿੰਦਰ ਕੌਰ ’ਹਰਿਆਓ’
ਉਭਾਵਾਲ, ਸੰਗਰੂਰ।
ਮੋ – 84274 05492

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …