ਰਾਜਸੀ ਹਸਤੀਆਂ, ਬਾਲੀਵੁੱਡ ਕਾਲਕਾਰਾਂ ਤੇ ਹੋਰਨਾਂ ਵਲੋਂ ਦੁੱਖ ਦਾ ਇਜ਼ਹਾਰ
ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਕੱਲ ਮੁੰਬਈ ਦੇ ਹਾਸਪਤਾਲ ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਬਾਲੀਵੁੱਡ ਦੇ ਟਰੈਜ਼ਡੀ ਕਿੰਗ ਵਜੋਂ ਜਾਣੇ ਜਾਂਦੇ ਨਾਮਵਰ ਕਲਾਕਾਰ ਦਲੀਪ ਕੁਮਾਰ ਨੂੰ ਸਰਕਾਰੀ ਸਨਾਮਾਨਾਂ ਨਾਲ ਸਪੁੱਰਦੇ ਖਾਕ ਕਰ ਦਿੱਤਾ ਗਿਆ।ਪੁਲੀਸ ਪਾਰਟੀ ਨੇ ਬੈਂਡ ਅਤੇ ਬੰਦੂਕਾਂ ਨਾਲ ਦਲੀਪ ਕੁਮਾਰ ਨੂੰ ਅੰਤਿਮ ਸਲਾਮੀ ਦਿੱਤੀ।
ਦਲੀਪ ਕੁਮਾਰ ਦੇ ਅੰਤਿਮ ਸਸਕਾਰ ਮੌਕੇ ਬੇੱਸ਼ੱਕ 25-30 ਵਿਅਕਤੀਆਂ ਨੂੰ ਕਬਰਸਤਾਨ ਵਿੱਚ ਦਾਖਲ਼ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ, ਫਿਰ ਵੀ ਕਾਫੀ ਗਿਣਤੀ ‘ਚ ਉਨਾਂ ਦੇ ਪ੍ਰਸੰਸ਼ਕ ਤੇ ਮੀਡੀਆ ਕਰਮੀ ਕਾਫੀ ਗਿਣਤੀ ‘ਚ ਮੌਜ਼ੂਦ ਸਨ।
ਦਲੀਪ ਕੁਮਾਰ ਦੇ ਚਲਾਣੇ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ।ਉਨਾਂ ਤੋਂ ਇਲਾਵਾ ਕਈ ਪ੍ਰਮੁੱਖ ਫਿਲਮੀ ਹਸਤੀਆਂ ਨੇ ਵੀ ਦਲੀਪ ਕੁਮਾਰ ਦੀ ਰੁਖਸਤੀ ‘ਤੇ ਅਫਸੋਸ ਜਤਾਇਆ।ਜਿੰਨਾਂ ਵਿੱਚ ਬਾਲੀਵੁੱਡ ਐਕਟਰ ਅਮਿਤਾਭ ਬਚਨ, ਸ਼ਾਹਰੁੱਖ ਖਾਨ, ਸ਼ਬਾਨਾ ਆਜ਼ਮੀ, ਉਘੀ ਗਾਇਕਾ ਲਤਾ ਮੰਗੇਸ਼ਕਰ, ਅਜੇ ਦੇਵਗਨ, ਅਕਸ਼ੈ ਕੁਮਾਰ ਤੇ ਮਨੋਜ ਵਾਜਪਾਈ ਆਦਿ ਸ਼ਾਮਲ ਸਨ।
ਭਾਰਤ ਸਰਕਾਰ ਵਲੋਂ ਦਲੀਪ ਕੁਮਾਰ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ।ਇਸ ਤੋਂ ਇਲਾਵਾ ਉਨਾਂ ਨੂੰ ਫਿਲ਼ਮਫੇਅਰ ਐਵਾਰਡ, ਦਾਦਾ ਸਾਹਿਬ ਫਾਲਕੇ, ਐਵਾਰਡ, ਪਦਮ ਭੂਸ਼ਣ, ਅਤੇ ਪਦਮ ਵਿਭੂਸ਼ਣ ਇਨਾਮਾਂ ਨਾਮ ਨਿਵਾਜ਼ਿਆ ਗਿਆ।ਪਾਕਿਸਤਾਨ ਵਲੋਂ ਉਨਾਂ ਨੂੰ ਸਰਵਉਚ ਨਾਗਰਿਕ ਸਨਮਾਨ ਨਿਸ਼ਾਨੇ ਇਮਤਿਆਜ਼ ਦਿੱਤਾ ਗਿਆ।
ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ‘ਚ ਪਿਸ਼ਾਵਰ (ਪਾਕਿਸਤਾਨ) ਵਿਖੇ ਲਾਲਾ ਗੁਲਾਮ ਸਰਵਰ ਤੇ ਆਇਸ਼ਾ ਬੇਗਮ ਦੇ ਘਰ ਹੋਇਆ।ਉਨਾਂ ਦਾ ਪਹਿਲਾ ਨਾਮ ਮੁਹੰਮਦ ਯੂਸਫ ਖਾਨ ਸੀ।ਦਲੀਪ ਕੁਮਾਰ ਦਾ ਵਿਆਹ 1966 ਵਿੱਚ ਸਾਇਰਾ ਬਾਨੋ ਨਾਲ ਹੋਇਆ, ਜੋ ਉਨਾਂ ਤੋਂ 22 ਸਾਲ ਛੋਟੀ ਸੀ।ਦਲੀਪ ਕੁਮਾਰ ਨੇ 1981 ਵਿੱਚ ਹੈਦਰਾਬਾਦ ਦੀ ਆਸ਼ਿਮਾ ਸਾਹਿਬਾ ਨਾਲ ਦੂਜਾ ਵਿਆਹ ਕੀਤਾ, ਜੋ 1983 ਵਿੱਚ ਟੁੱਟ ਗਿਆ।ਦਲੀਪ ਕੁਮਾਰ ਤੇ ਸਾਇਰਾ ਬਾਨੋ ਦੀ ਕੋਈ ਔਲਾਦ ਨਹੀਂ ਸੀ।
ਦਲੀਪ ਕੁਮਾਰ ਉਰਦੂ ਪੰਜਾਬੀ, ਅਵਧੀ, ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਭੋਜਪੁਰੀ, ਪਸ਼ਤੋ, ਅੰਗ੍ਰੇਜੀ ਅਤੇ ਪਰਸੀਅਨ ਆਦਿ ਕਈ ਭਾਸ਼ਾਵਾਂ ਦੇ ਜਾਣੂ ਸਨ।ਉਨਾਂ ਦੀ ਪਹਿਲੀ ਫਿਲਮ ਜਵਾਭਾਟਾ ਸੀ, ਜਦਕਿ 1998 ‘ਚ ਆਖਰੀ ਫਿਲਮ ਕਿਲਾ ਸੀ।ਉਨਾਂ ਦੀਆਂ ਚਰਚਿਤ ਫਿਲਮਾਂ ਵਿੱਚ ਮੁਗਲ-ਏ-ਆਜ਼ਮ, ਨਯਾ ਦੌਰ, ਰਾਮ ਔਰ ਸ਼ਾਮ, ਦੇਵਦਾਸ, ਕ੍ਰਾਂਤੀ ਅਤੇ ਕਰਮਾ ਸ਼ਾਮਲ ਸਨ।
ਪੇਸ਼ਾਵਰ (ਪਾਕਿਸਤਾਨ ਵਿੱਚ) ਜਨਮੇ ਦਲੀਪ ਕੁਮਾਰ ਦੇ ਦੇਹਾਂਤ ‘ਤੇ ਪਾਕਿਸਤਾਨ ਵਿੱਚ ਵੀ ਸੋਗ ਹੈ।ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਅਲ਼ਵੀ, ਪ੍ਰਧਾਨ ਮੰਤਰੀ ਇਮਰਾਨ ਖਾਨ, ਮੰਤਰੀ ਫਵਾਦ ਹੁਸੈਨ ਚੌਧਰੀ, ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸੋਸ਼ਲ ਮੀਡੀਆ ‘ਤੇ ਦਲੀਪ ਕੁਮਾਰ ਨੂੰ ਸੰਸਾਰ ਭਰ ਦਾ ਹਰਮਨ ਪਿਆਰਾ ਕਲਾਕਾਰ ਦੱਸਿਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਵਲੋਂ 2014 ਵਿੱਚ ਦਲੀਪ ਕੁਮਾਰ ਦੇ ਕਿੱਸਾ ਖਵਾਨੀ ਬਜ਼ਾਰ ਪਿਸ਼ਾਵਰ ‘ਚ ਸਥਿਤ ਘਰ ਨੂੰ ਕੌਮੀ ਵਿਰਾਸਤ ਐਲਾਨਿਆ ਗਿਆ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …