ਸਰਕਾਰੀ ਸ਼ਗਨ ਉਡੀਕਦੀਆ ਧੀਆਂ ਬਣੀਆਂ ਮਾਵਾਂ
ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਸੂਬੇ ‘ਚ ਵੱਖ-ਵੱਖ ਵਰਗਾਂ ਦੇ ਲੋੜਵੰਦ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਦਮ ਤੋੜ ਚੁੱਕੀਆਂ ਹਨ ਅਤੇ ਲੋੜਵੰਦ ਪਰਿਵਾਰ ਅਸ਼ੀਰਵਾਦ ਸਕੀਮ ਤਹਿਤ ਸ਼ਗਨ ਲੈਣ ਲਈ ਸਾਲਾਂਬੱਧੀ ਇੰਤਜ਼ਾਰ ਕਰਕੇ ਅੱਕ ਥੱਕ ਚੁੱਕੇ ਹਨ।
ਇਹ ਪ੍ਰਗਟਾਵਾ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਸੰਸਥਾ “ਹੋਪ ਫਾਰ ਮਹਿਲ ਕਲਾਂ” ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ ਨੇ ਧੀਆਂ ਦੇ ਵਿਆਹ ਦੀ ਸ਼ਗਨ ਸਕੀਮ ਉਡੀਕ ਰਹੇ ਮਾਪਿਆਂ ਦਾ ਦੁੱਖ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਨੌਜਵਾਨ ਆਗੂ ਟਿੱਬਾ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਦਲਿਤਾਂ, ਪਛੜੇ ਵਰਗਾਂ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਵਜੋਂ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਰਹੀ ਹੈ, ਜਦਕਿ ਦੂਜੇ ਪਾਸੇ ਧੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ ਅਪਲਾਈ ਕਰਨ ਵਾਲੇ ਮਾਪੇ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸ਼ਗਨ ਦਾ ਇੰਤਜ਼ਾਰ ਕਰ ਰਹੇ ਹਨ।ਟਿੱਬਾ ਨੇ ਦੱਸਿਆ ਕਿ ਇਲਾਕਾ ਮਹਿਲ ਕਲਾਂ ਦੇ ਸੈਂਕੜੇ ਪਰਿਵਾਰਾਂ ਨੇ ਉਨ੍ਹਾਂ ਦੀ ਟੀਮ ਤੱਕ ਪਹੁੰਚ ਕਰਕੇ ਸ਼ਗਨ ਸਕੀਮ ਦੀ ਰਾਸ਼ੀ ਨਾ ਮਿਲਣ ਬਾਰੇ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਕਿਰਨਜੀਤ ਕੌਰ ਪੁੱਤਰੀ ਅਜਾਇਬ ਸਿੰਘ ਦਾ ਵਿਆਹ ਫਰਵਰੀ 2006 ਨੂੰ ਹੋਇਆ ਸੀ, ਪਰ ਅਪਲਾਈ ਕਰਨ ਦੇ ਬਾਵਜ਼ੂਦ ਵੀ 14 ਸਾਲਾਂ ਬਾਅਦ ਵੀ ਸਰਕਾਰੀ ਸ਼ਗਨ ਪ੍ਰਾਪਤ ਨਹੀਂ ਹੋਇਆ, ਜਦਕਿ ਹੁਣ ਕਿਰਨਜੀਤ ਕੌਰ ਦੇ 13 ਅਤੇ 8 ਸਾਲਾਂ ਦੇ ਦੋ ਬੱਚਿਆਂ ਦੀ ਮਾਂ ਹੈ।ਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਦਾ ਵਿਆਹ ਅਗਸਤ 2020 ਨੂੰ ਹੋਇਆ ਸੀ, ਪਰ ਅੱਜ ਤੱਕ ਸਰਕਾਰੀ ਸ਼ਗਨ ਪ੍ਰਾਪਤ ਨਹੀਂ ਹੋਇਆ, ਅਮਨਦੀਪ ਕੌਰ ਪੁੱਤਰੀ ਪਰਮਜੀਤ ਕੌਰ ਦਾ ਵਿਆਹ ਸਤੰਬਰ 2020 ਵਿੱਚ ਹੋਇਆ ਸੀ ਪਰ ਸ਼ਗਨ ਸਕੀਮ ਦੀ ਫਾਈਲ ਸਰਕਾਰੀ ਦਫਤਰਾਂ ਵਿੱਚ ਧੂੜ ਫੱਕ ਰਹੀ ਹੈ।ਹਰਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ, ਪਰ ਸ਼ਗਨ ਸਕੀਮ ਤਹਿਤ ਰਾਸ਼ੀ ਅਜੇ ਤੱਕ ਨਹੀਂ ਮਿਲੀ। ਕੁਲਵੰਤ ਸਿੰਘ ਟਿੱਬਾ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਗਨ ਉਡੀਕ ਰਹੀਆਂ ਧੀਆਂ ਦੇ ਮਾਪਿਆਂ ਲਈ ਸ਼ਗਨ ਸਕੀਮ ਤਹਿਤ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ।