ਦਮਦਾਰ ਤੇ ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਪਰਦੇ ‘ਤੇ ਇਕ ਖਾਸ ਪਹਿਚਾਣ ਬਣਾਉਣ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦਾ ਚਹੇਤੇ ਅਦਾਕਾਰ ਹਨ।ਬਾਲੀਵੁੱਡ ਤਰਜ਼ ‘ਤੇ ਪੰਜਾਬੀ ਫ਼ਿਲਮਾਂ ਦੇ ਇਸ ਸਿਰਮੌਰ ਅਦਾਕਾਰ ਦਾ ਫਰਜ਼ੰਦ ਜੈ ਪਾਲ ਸਿੰਘ ਧਾਲੀਵਾਲ ਹੁਣ ਬਾਲੀਵੁੱਡ ਪਰਦੇ ‘ਤੇ ਨਜ਼ਰ ਆਵੇਗਾ।ਦਿਵਿਆ ਫ਼ਿਲਮਜ਼ ਇੰਟਰਟੇਨਮੈਂਟ ਦੇ ਬੈਨਰ ਹੇਠ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਹਿੰਦੀ ਫ਼ਿਲਮ ‘ਸੀਜ਼ਿਰ -ਦਾ ਕੈਂਚੀ’ ਵਿੱਚ ਉਸ ਦੀ ਅਹਿਮ ਭੂਮਿਕਾ ਹੈ।ਇਹ ਫ਼ਿਲਮ ਹਾਰਰ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਡਰਾਵਣੇ ਰੂਪ ਦੀ ਕਾਮੇਡੀ ਨਾਲ ਮਨੋਰੰਜ਼ਨ ਕਰੇਗੀ।ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਦੇ ਲਿਖੇ ਹਨ।‘ਸੀਜ਼ਿਰ-ਦਾ ਕੈਂਚੀ’ ਬਾਰੇ ਗੱਲ ਕਰਦਿਆਂ ਜੈ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ, ਜੋ ਸਮਾਜ ਨੂੰ ਵਹਿਮਾਂ ਭਰਮਾਂ ਪ੍ਰਤੀ ਜਾਗਰੂਕ ਕਰਦੀ ਇਕ ਪਰਿਵਾਰਕ ਕਹਾਣੀ ਹੈ।
ਇਕ ਹੋਰ ਗੱਲ ਕਿ ਸੁਰਾਂ ਦੇ ਸਿਕੰਦਰ ਮਰਹੂਮ ਫ਼ਨਕਾਰ ‘ਸਰਦੂਲ ਸਿਕੰਦਰ ਦੇ ਬੇਟੇ ਵੀ ਇਸ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ।ਇਸ ਫ਼ਿਲਮ ਦੇ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਹਨ।ਹੌਬੀ ਧਾਲੀਵਾਲ ਦਾ ਕਹਿਣਾ ਹੈ ਕਿ ਬੇਟਾ ਜੈ ਪਾਲ ਸਿੰਘ ਧਾਲੀਵਾਲ ਕਲਾ ਦੇ ਖੇਤਰ ਵਿੱਚ ਪੂਰੀ ਤਿਆਰੀ ਨਾਲ ਆ ਰਿਹਾ ਹੈ।ਅਦਾਕਾਰੀ ਨਾਲ ਉਸ ਦਾ ਸ਼ੁਰੂ ਤੋਂ ਹੀ ਮੋਹ ਰਿਹਾ ਹੈ।ਉਸ ਨੇ ਬਹੁਤ ਮੇਹਨਤ ਅਤੇ ਲਗਨ ਨਾਲ ਅਦਾਕਾਰੀ ਦਾ ਰਾਹ ਚੁਣਿਆ ਹੈ। ਆਸ ਹੈ ਕਿ ਦਰਸ਼ਕ ਉਸ ਦੀ ਅਦਾਕਾਰੀ ਪਸੰਦ ਕਰਨਗੇ।
ਹਰਜਿੰਦਰ ਸਿੰਘ ਜਵੰਦਾ
ਮੋ – 94638 28000