Sunday, December 22, 2024

ਕਾਵਿਤਰੀ ਡਾ: ਸਤਿੰਦਰਜੀਤ ਕੌਰ ਬੁੱਟਰ (ਸਟੇਟ ਐਵਾਰਡੀ)

              ‘ਜ਼ਖਮੀ ਰੂਹ`, ‘ਤਿੜਕੇ ਰਿਸ਼ਤੇ`, ‘ਦਰਪਣ`, ‘ਧਰਤ ਪੰਜਾਬ ਦੀ`, ‘ਸ਼ੀਸ਼ਾ ਬੋਲਦਾ ਹੈ`, ‘ਨਵੀਆਂ ਪੈੜਾਂ` ਅਤੇ ‘ਫੁੱਲ-ਕਲੀਆਂ` ਆਦਿ ਆਪਣੀਆਂ ਮੌਲਿਕ ਪੁਸਤਕਾਂ ਦੇ ਨਾਲ-ਨਾਲ, ‘ਨਵੀਆਂ ਪੈੜਾਂ`, ‘ਜਜ਼ਬਾਤ ਦੇ ਪਰਦੇ`, ‘ਬੂੰਦ-ਬੂੰਦ ਸਮੁੰਦਰ` ਅਤੇ ਰੰਗਰੇਜ਼ ਆਦਿ ਜਿਹੀਆਂ ਅਨੇਕਾਂ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿੱਚ ਹਾਜ਼ਰੀਆਂ ਭਰ ਚੁੱਕੀ, ਡਾ: ਸਤਿੰਦਰਜੀਤ ਕੌਰ ਬੁੱਟਰ ੳਚਾਈਆਂ ਨੂੰ ਛੂਹ ਚੁੱਕਾ ਇਕ ਸਨਮਾਨਿਆ ਸਤਿਕਾਰਿਆ ਨਾਂ ਹੈ।
                 ਉਹ ਇਕ ਤਪੱਸਵੀ ਵਾਂਗ ਦਿਹਾਕਿਆਂ ਤੋਂ ਸਾਹਿਤਕ ਤੇ ਵਿੱਦਿਅਕ ਖੇਤਰ ਵਿਚ ਕਾਰਜ਼ਸ਼ੀਲ, ਆਪਣਾ ਨਿੱਗਰ ਯੋਗਦਾਨ ਪਾਉਂਦੀ ਆ ਰਹੀ ਅਧਿਆਪਕਾ ਅਤੇ ਵਿਲੱਖਣ ਸਿਰਮੌਰ ਸ਼ਾਇਰਾ ਹੈ।ਵਿੱਦਿਅਕ ਯੋਗਤਾ ਪੱਖੋਂ ਉਹ ਪੀ.ਐਚ.ਡੀ, ਐਮ.ਏ, ਐਮ.ਐਡ ਹੈ।ਕਿੱਤੇ ਦੇ ਤੌਰ ‘ਤੇ ਬਤੌਰ ਲੈਕਚਰਾਰ (ਪੰਜਾਬੀ) ਸੇਵਾਵਾਂ ਨਿਭਾਉਦਿਆਂ ਹਨੇਰੇ ਹਿਰਦਿਆਂ ਨੂੰ ਰੁਸ਼ਨਾਉਣ ਦਾ ਸਰਵੋਤਮ ਕਾਰਜ਼ ਕਰਦੀ ਜਿੱਥੇ ਉਹ ਵਿਦਿਆਰਥੀਆਂ ਨੂੰ ਪਰਿਵਾਰ ਦੀ ਤਰਾਂ ਸਮਝਦਿਆਂ ਪੂਰੀ ਤਨਦੇਹੀ ਨਾਲ ਪੜ੍ਹਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡਦੀ, ਉਥੇ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਮੇਂ-ਸਮੇ ‘ਤੇ ਕਿਤਾਬਾਂ-ਕਾਪੀਆਂ ਲੈ ਕੇ ਦੇਣੀਆਂ ਅਤੇ ਫੀਸਾਂ ਆਦਿ ਵਿਚ ਉਨਾਂ ਦੀ ਮਦਦ ਲਈ ਹੱਥ ਵਧਾਉਣਾ ਵੀ ਆਪਣਾ ਧਰਮ ਸਮਝਦੀ ਹੈ ।
               ਡਾ. ਸਤਿੰਦਰਜੀਤ ਦੀ ਨਰੋਈ ਕਲਮ ਵਿਚੋਂ ਨਾ-ਸਿਰਫ਼ ਅਪਣੱਤ, ਮੋਹ-ਪਿਆਰ, ਸੱਚੀਆਂ ਪਾਕਿ ਮੁਹੱਬਤਾਂ ਦੇ ਝਰਨੇ ਹੀ ਵਗਦੇ ਹਨ, ਬਲਕਿ ਮੌਜ਼ੂਦਾ ਕਿਸਾਨੀ ਅੰਦੋਲਨ ਵਰਗੇ ਚਲੰਤ ਮਾਮਲਿਆਂ ਦੇ ਦੁੱੱਖਾਂ-ਦਰਦਾਂ ਨੂੰ ਮਹਿਸੂਸਦਿਆਂ ਖ਼ੁਸ਼ੀ ਭਰੇ ਪਲਾਂ ਦੀ ਉਡੀਕ ਵੀ ਕਰਦੀ ਹੈ ਅਤੇ ਉਸ ਦੇ ਅਹਿਸਾਸ, ਹਨੇਰਿਆਂ ਵਿਚੋਂ ਵੀ ਆਸ ਦੀ ਕਿਰਨ ਬਣ ਕੇ ਚੌਗਿਰਦੇ ਵਿੱਚ ਰੋਸ਼ਨੀਆਂ ਕਰਦੀ ਨਜ਼ਰੀ ਆਉਂਦੀ ਹੈ।ਡਾ. ਬੁੱਟਰ ਦੀਆਂ ਅਣਮੁੱਲੀਆਂ ਸੇਵਾਵਾਂ ਦੀ ਕਦਰ ਪਾਉਂਦਿਆਂ, 

ਸਿੱਖਿਆ ਵਿਭਾਗ ਵਲੋਂ ਮਿਲਿਆ ਸਟੇਟ ਐਵਾਰਡ, ਸਾਹਿਤ ਅਕਾਦਮੀ ਲੁਧਿਆਣਾ (ਰਜਿ:), ਸਾਹਿਤਕ ਮੰਚ ਬਟਾਲਾ (ਰਜਿ:) ਅਤੇ ਨਾਰੀ ਚੇਤਨਾ ਮੰਚ ਬਟਾਲਾ (ਰਜਿ:) ਆਦਿ ਅਨੇਕਾਂ ਸੰਸਥਾਵਾਂ ਉਸ ਦੀ ਤਪੱਸਿਆ ਦੀ ਹਾਮੀ ਭਰਦੀਆਂ ਹਨ।ਇਕ ਸਵਾਲ ਦਾ ਉਤਰ ਦਿੰਦਿਆਂ ਡਾ. ਬੁੱਟਰ ਨੇ ਕਿਹਾ, ‘‘ਸਿੱਖਿਆ ਵਿਭਾਗ ਵਲੋਂ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਦੇ ਕਰ-ਕਮਲਾਂ ਨਾਲ 2020 ਵਿੱਚ ਜੋ ਉਸ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਉਹ ਇਸ ਹੌਸਲਾ-ਅਫਜ਼ਾਈ ਲਈ ਵਿਜੇਇੰਦਰ ਸਿੰਗਲਾ, ਮਾਨਯੋਗ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਆਈ.ਏ.ਐਸ ਤੇ ਸਮੁੱਚੇ ਸਿੱਖਿਆ ਵਿਭਾਗ ਦੀ ਤਹਿ ਦਿਲੋਂ ਰਿਣੀ ਹੈ।“
ਹੁਣ ‘ਵਰਲਡ ਪੰਜਾਬੀ ਕਾਨਫਰੰਸ` ਵਲੋਂ ਵਰਲਡ ਲੈਵਲ ਤੇ ਕਵਿਤਾ, ਲੇਖ ਤੇ ਗੀਤ ਦੇ ਹੋਏ ਆਨਲਾਈਨ ਮੁਕਾਬਲੇ ਦੌਰਾਨ ਕਵਿਤਾ ਵਿਚੋਂ ਪਹਿਲਾ ਸਥਾਨ ਆਉਣ ‘ਤੇ ਜਿਥੇ ਸੰਸਥਾ ਵੱਲੋਂ ਉਸ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ, ਉਥੇ ਨਾਲ ਹੀ ਦਸ ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆ।ਜਿਹੜਾ ਕਿ ਉਸ ਦੇ ਕੱਦ-ਬੁੱਤ ਨੂੰ ਹੋਰ ਵੀ ਉਚਾਈਆਂ ਪ੍ਰਦਾਨ ਕਰਦਾ ਹੈ।
                ਡਾ. ਬੁੱਟਰ ਨੇ ਕਿਹਾ, ਇਸ ਹੌਸਲਾ-ਅਫਜਾਈ ਲਈ ਉਹ ਅਜੈਬ ਸਿੰਘ ਚੱਠਾ ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ ਟੋਰਾਂਟੋ (ਕੈਨੇਡਾ), ਡਾ: ਰਮਨੀ ਬਤਰਾ (ਪ੍ਰਧਾਨ ਪਬਪਾ) ਤੇ ਸਮੁੱਚੀ ਜੱਜਮੈਂਟ ਟੀਮ, ਜਿਨਾਂ ਉਨਾਂ ਨੂੰ ਵੱਡਾ ਮਾਣ-ਸਤਿਕਾਰ ਦੇ ਕੇ ਖੁਸ਼ੀ ਦਿੱਤੀ, ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ।
ਡਾ. ਸਤਿੰਦਰਜੀਤ ਕੌਰ ਬੁੱਟਰ ਦੀਆਂ ਸਾਹਿਤਕ, ਸਮਾਜਿਕ ਤੇ ਸਿੱਖਿਅਕ ਖੇਤਰ ਦੀਆਂ ਸੇਵਾਵਾਂ ਨੂੰ ਤਹਿ ਦਿਲੋਂ ਸਲਾਮ ! ਸਾਹਿਤਕ ਅਤੇ ਵਿੱਦਿਅਕ ਖੇਤਰ ਦੇ ਜ਼ੌਹਰੀਆਂ ਪਾਸੋਂ ਅੰਬਰੀਂ ਛੂੰਹਦੇ ਐਵਾਰਡਾਂ ਤੇ ਪੁਰਸਕਾਰਾਂ ਨਾਲ ਉਸ ਦੀ ਝੋਲੀ ਨੱਕੋ-ਨੱਕ ਭਰ ਜਾਵੇ, ਦਿਲੀ ਦੁਆ ਹੈ, ਮੇਰੀ ! 25072021

ਪ੍ਰੀਤਮ ਲੁਧਿਆਣਵੀ
ਚੰਡੀਗੜ੍ਹ।
ਮੋ – 98764 28641

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …