ਅੰਮ੍ਰਿਤਸਰ, 1 ਅਗਸਤ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਿਖੇ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਫੈਸਟੀਵਲ ਦੌਰਾਨ ਵਰਿਆਮ ਸੰਧੂ ਦੇ ਲਿਖੇ ਨਾਟਕ ‘ਮੈਂ ਰੋ ਨਾ ਲਵਾਂ ਇਕ ਵਾਰ’ ਦਾ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਨਾਟਕ ਮੈਂ ਰੋ ਨਾ ਲਵਾਂ ਇਕ ਵਾਰ ਸਾਡੇ ਸਮਿਆਂ ਦੇ ਸਮਰੱਥ ਕਹਾਣੀਕਾਰ ‘ਵਰਿਆਮ ਸੰਧੂ’ ਹੁਰਾਂ ਦੀ ਕਹਾਣੀ ‘ਤੇੇ ਅਧਾਰਿਤ ਹੈ।ਨਾਟਕ ਵਿੱਚ ਜੱਟ ਤੇ ਸੀਰੀ ਦਾ ਰਿਸ਼ਤਾ ਹੈ।ਜਿਥੇ ਬੇਸ਼ੱਕ ਰੰਗ, ਨਸਲ, ਜ਼ਾਤ ਦੀ ਦੂਰੀ ਵੀ ਹੈ, ਪਰ ਦੁੱਖ-ਸੁੱਖ ਦੀ ਸਾਂਝ ਇਕੋ ਹੈ।ਨਾਟਕ ਦੇ ਮੁੱਖ ਪਾਤਰ ਨਿੰਦਰ ਨਾਲ ਬਚਪਨ ਤੋਂ ਹੁੰਦੀਆਂ ਵਧੀਕੀਆਂ, ਉਸ ਦੇ ਸੁਪਨੇ, ਉਸ ਦੀ ਜ਼ਾਤ, ਉਸ ਦੀ ਭੁੱਖ, ਉਸ ਦਾ ਸੰਘਰਸ਼, ਉਸ ਦੀ ਮਾਸੂਮੀਅਤ, ਕੀ ਇਕੱਲੇ ਨਿੰਦਰ ਦੀ ਗਾਥਾ ਹੈ, ਜਾਂ ਉਸ ਵਰਗੇ ਉਨ੍ਹਾਂ ਸਭਨਾਂ ਦੀ, ਜਿਹਨਾਂ ਨੂੰ ਜ਼ਿੰਦਗੀ ’ਚ ਇਨਸਾਫ਼ ਨਹੀਂ ਮਿਲਿਆ।
ਨਾਟਕ ਦੀ ਸ਼ੁਰੂਆਤ ਵਿੱਚ ਮਾਸਟਰ ਤਾਂ ਕਹਿੰਦਾ ਹੈ, ਕਿ ‘ਇਥੇ ਜੱਟ ਮਜ਼੍ਹਬੀ ਦਾ ਕੋਈ ਰੌਲਾ ਨਹੀਂ’, ਪਰ ਨਿੰਦਰ ਮਹਿਸੂਸ ਕਰਦਾ ਹੈ ਕਿ ਰੌਲਾ ਤਾਂ ਹੈ, ਨਿਰਦੇਸ਼ਕ ਨਾਟਕ ਦੇ ਸ਼ੁਰੂ ਵਿੱਚ ਹੀ ਜ਼ਾਤਾਂ ਦੇ ਵਿਤਕਰੇ ਨਾਲ ਦਰਸ਼ਕ ਨੂੰ ਜੋੜਦਾ ਹੈ।ਛੋਟੀਆਂ ਛੋਟੀਆਂ ਨਾਟਕੀ ਛੋਹਾਂ ਦੇ ਨਾਲ ਤੇ ਕੁੱਝ ਇਕ ‘ਨਾਟਕੀ ਜੁਗਤਾਂ (ਥੀਏਟਰੀਕਲ ਐਲੀਮੈਂਟਸ) ਨਾਲ, ਰੰਗਾਂ ਨਾਲ ਤੇ ਸੰਗੀਤ ਨਾਲ ਨਾਟਕ ਅੱਗੇ ਤੁਰਦਾ ਹੈ।ਨਾਟਕ ਵਿਜ਼ੂਅਲੀ ਸਟਰਾਂਗ ਅਤੇ ਰੌਚਕ ਬਣ ਕੇ ਦ੍ਰਿਸ਼ ਸਿਰਜਣਾ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਜਿਵੇਂ ਨਾਟਕ ਦੇ ਪਾਤਰ ਕਿਸੇ ਪੇਂਟਿੰਗ ਵਿੱਚ ਤੁਰੇ ਫਿਰਦੇ ਨਜ਼ਰ ਆਉਣ।ਥੋੜੇ ਪਾਤਰਾਂ ਵਿਚ, ਥੋੜ੍ਹੇ ਕਲਾਕਾਰਾਂ ਨਾਲ ਕਹਾਣੀ ਦੇ ਵਡੇ ਕੈਨਵਸ ਨਾਲ ਇਨਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।ਨਾਟਕ ਦੇ ਮੁੱਖ ਪਾਤਰ ‘ਨਿੰਦਰ’ ਦੇ ਦਰਦ ਨੂੰ ਲੋਕਾਈ ਨਾਲ ਸਾਂਝਾ ਕੀਤਾ ਗਿਆ ਹੈ।ਨਾਟਕ ਦਾ ਡਿਜ਼ਾਈਨ ਬੱਦਲਾਂ ਦੀ ਗਰਜਣ ਤੇ ਮੀਂਹ ਦੀਆਂ ਕਣੀਆਂ ਸੰਗੀਤ ਦਾ ਹਿੱਸਾ ਬਣ ਜਾਂਦੀਆਂ ਨੇ।
ਨਾਟਕ ਵਿੱਚ ਮੁੱਖ ਪਾਤਰ ਨਿੰਦਰ ਦੇ ਰੂਪ ਵਿੱਚ ਗੁਰਤੇਜ ਮਾਨ ਨੇ ਬੇਹਤਰੀਨ ਅਦਾਕਾਰੀ ਕੀਤੀ । ਡੋਲੀ ਸੱਡਲ, ਅਰਵਿੰਦਰ ਚਮਕ, ਵਿਪਨ ਧਵਨ, ਹਰਿੰਦਰ ਸੋਹਲ, ਵਿਸ਼ੂ ਸ਼ਰਮਾ, ਸਾਜਨ ਸਿੰਘ, ਸਤਨਾਮ ਮੂਧਲ, ਗੁਰਦਿੱਤ ਸਿੰਘ, ਰੋਹਨ ਸਿੰਘ, ਵਿਸ਼ਾਲ ਸ਼ਰਮਾ, ਹਰਪ੍ਰੀਤ ਸਿੰਘ, ਸਨੇਹਲ ਕੁਮਾਰ ਆਦਿ ਨੇ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਵਿਖਾਈ।
ਇਸ ਮੌਕੇ ਮੁਖ ਮਹਿਮਾਨ ਵਜੋਂ ਵਿਧਾਇਕ ਸੁਨੀਤ ਦੱਤੀ ਸਮੇਤ ਜਿਲ੍ਹਾ ਸਿੱਖਿਆ ਅਫ਼ਤਰ ਸਤਿੰਦਰਬੀਰ ਸਿੰਘ, ਏ.ਡੀ.ਸੀ ਬਖ਼ਤਾਵਰ ਸਿੰਘ, ਡਾ. ਅਮੋਲਕ ਸਿੰਘ, ਰਣਜੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਹਿਰਦੇਪਾਲ ਸਿੰਘ, ਹੀਰਾ ਸਿੰਘ ਰੰਧਾਵਾ, ਅਨੀਤਾ ਦੇਵਗਨ, ਹਰਦੀਪ ਗਿੱਲ, ਦੇਵ ਦਰਦ, ਅਰਵਿੰਦਰ ਕੌਰ ਧਾਲੀਵਾਲ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਔਲਖ, ਸਤਵਿੰਦਰ ਸੋਨੀ ਤੇ ਵੱਡੀ ਗਿਣਤੀ ‘ਚ ਕਲਾਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ।
Check Also
ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …