ਗੁਰਦਾਸਪੁਰ, 3 ਅਗਸਤ (ਸੁਹਲ) – ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਗੁਰਦਾਸਪੁਰ ਵਲੋਂ ਸਾਵਣ ਮਹੀਨੇ ‘ਚ ਵਿਸ਼ੇਸ਼ ਕਵੀ ਦਰਬਾਰ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮਲਕੀਅਤ ਸੁਹਲ, ਸੀਤਲ ਗੁਨੋਪੁਰੀ ਤੇ ਕੁਲਜੀਤ ਸਿੰਘ ਰੰਧਾਵਾ ਨੇ ਕੀਤੀ।ਇਸ ਸਮੇਂ ਕੁਲਜੀਤ ਸਿੰਘ ਰੰਧਾਵਾ ਦੀ ਪਲੇਠੀ ਪੁਸਤਕ ‘ਰੰਗ ਰੰਗ ਦੇ ਫੁੱਲ’ ਵੀ ਰਲੀਜ਼ ਕੀਤੀ ਗਈ। ਸਾਰਾ ਪ੍ਰੋਗਰਾਮ ਕਮਿਉਨਿਟੀ ਹਾਲ ਨਵਾਂ ਸ਼ਾਲਾ ਵਿਖੇ ਕੀਤਾ ਗਿਆ।ਕਵੀ ਦਰਬਾਰ ਸਾਵਣ ਮਹੀਨੇ ਨੂੰ ਸਮਰਪਿਤ ਸੀ।ਸਟੇਜ਼ ਸਕੱਤਰ ਦੀ ਭੂਮਿਕਾ ਮਹੇਸ਼ ਚੰਦਰਭਾਨੀ ਨੇ ਨਿਭਾਈ।
ਪ੍ਰੋਗਰਾਮ ਦੀ ਸ਼ੂਰੂਆਤ ਪੰਜਾਬੀ ਗਾਇਕ ਪ੍ਰੀਤ ਰਾਣਾ ਦੇ ਗੀਤ ਤੋਂ ਕੀਤੀ ਗਈ, ਜਿਸ ਦੇ ਬੋਲ ਸਨ, ‘ਆਇਆ ਸਉਣ ਦਾ ਮਹੀਨਾ’।ਜੋਗਿੰਦਰ ਸਿੰਘ ਸਿੰਘਪੁਰੀਆ ਨੇ ਤਰੰਨਮ ਵਿੱਚ ਸੂਫੀ ਗੀਤ ‘ ਸੁੱਤੀ ਕਾਹਨੂੰ ਰਹੀ ਏਂ, ਤੂੰ ਜਾਗ ਕੇ ਤਾਂ ਵੇਖ ਲੈ’ ਗਾਇਆ।ਮੰਨਾ ਮੀਲਮਾਂ ਦੀ ਕਵਿਤਾ ‘ਬੋਲਦੀ ਸਰਕਾਰ ਵੱਡੇ ਘਰਾਂ ਦੀ ਬੋਲੀ’ ਅਤੇ ਰਮੇਸ਼ ਕੁਮਾਰ ਜਾਨੂੰ ਨੇ ਆਪਣੀ ਕਵਿਤਾ ਅਤੇ ਕੁਲਰਾਜ ਖੋਖਰ ਨੇ ਰਚਨਾਵਾਂ ਸੁਣਾਈਆਂ।ਬਜ਼ੁਰਗ ਸ਼ਾਇਰ ਅਵਤਾਰ ਅਨਜਾਣ ਨੇ ‘ਇਹ ਕਿੱਦਾਂ ਦਾ ਸਾਵਣ ਆਇਆ’ ਕਵਿਤਾ ਪੇਸ਼ ਕੀਤੀ।ਗੀਤਕਾਰ ਤੇ ਗਾਇਕ ਨਿੰਮਾ ਕਲੇਰ ਦੇ ਗੀਤ ਨੇ ਬਹਿਜ਼ਾ ਬਹਿਜ਼ਾ ਕਰਵਾ ਦਿੱਤੀ।ਜਗਦੀਸ਼ ਰਾਣਾ ਲਾਲੂਪੁਰੀਆ ਦੀ ਕਵਿਤਾ ਤੇ ਅਜਮੇਰ ਪਾਹੜੇ ਦੀ ਕਹਾਣੀ ਨੇ ਮਨ ਮੋਹਿਆ।ਕਾਵਿਤਰੀ ਜੈਸਮੀਨ ਮਾਹੀ ਦੀ ਕਵਿਤਾ ‘ਵੇਖ ਸਾਵਣ ਬਹਾਰ’ ਅਤੇ ਗੁਰਬਚਨ ਸਿੰਘ ਬਾਜਵਾ ਨੇ ਸਉਣ ਮਹੀਨੇ ਦੀ ਕਵਿਤਾ ਨਾਲ ਹਾਜ਼ਰੀ ਲਵਾਈ।
ਬੂਟਾ ਰਾਮ ਅਜ਼ਾਦ ਦੀ ਗਜ਼ਲ ਕਾਬਿਲੇਗੌਰ ਰਹੀ।ਸੁਧੀਰ ਧਾਰੀਵਾਲ ਨੇ ਸ਼ਿਵ ਬਟਾਲਵੀ ਦਾ ਗੀਤ ਗਾਇਆ ਤੇ ਹੀਰਾ ਸਿੰਘ ਸੈਣੀ ਨੇ ਸਾਵਣ ਦੀ ਕਵਿਤਾ ਕਹੀ।ਰਮੇਸ਼ ਕੁਮਾਰ ਜਾਨੂੰ ਦੀ ਕਵਿਤਾ ਖੂਬਸੂਰਤ ਸੀ।ਗਜ਼ਲਗੋ ਸੀਤਲ ਗੁਨੋਪੁਰੀ ਨੇ ਕੁਲਜੀਤ ਸਿੰਘ ਰੰਧਾਵਾ ਦੀ ਪੁਸਤਕ ‘ ਰੰਗ ਰੰਗ ਦੇ ਫੁੱਲ’ ਬਾਰੇ ਸੰਖੇਪ ਸ਼ਬਦਾਂ ਵਿਚ ਜਾਣਕਾਰੀ ਦਿੱਤੀ ਅਤੇ ਆਪਣੀ ਗਜ਼ਲ ਸੁਣਾਈ।ਕੈਪਟਨ ਜਸਵੰਤ ਸਿੰਘ ਰਿਆਜ਼ ਦੀ ਕਵਿਤਾ ਨੇ ਖੂਬ ਰੰਗ ਮੰਨਿਆ।ਕੁਲਜੀਤ ਰੰਧਾਵਾ ਨੇ ਆਪਣੀ ਨਵ ਪ੍ਰਕਾਸ਼ਿਤ ਪੁਸਤਕ ਵਿਚੋਂ ਕਵਿਤਾ ਸੁਣਾਈ।
ਗੁਰਮੀਤ ਪਾਹੜਾ ਨੇ ‘ਉਜੜਦੇ ਪੰਜਾਬ’ ਬਾਰੇ ਕਵਿਤਾ ਕਹੀ ਤੇ ਚੰਦਰਭਾਨੀ ਨੇ ਇਟਲੀ ਤੋਂ ਆਈ ਰਵੇਲ ਸਿੰਘ ਦੀ ਕਵਿਤਾ ਪੜ੍ਹ ਕੇ ਸੁਣਾਈ।ਉਨਾਂ ਆਪਣੀ ਕਵਿਤਾ ‘ਮੈਂ ਤੇ ਮੈਂ’ ਸੁਣਾ ਕੇ ਖੂਬ ਵਾਹ ਵਾਹ ਖੱਟੀ।
ਸਭਾ ਦੇ ਮੈਂਬਰਾਂ ਵਲੋਂ ਕੁਲਜੀਤ ਰੰਧਾਵਾ ਦੀ ਪੁਸਤਕ ‘ਰੰਗ ਰੰਗ ਦੇ ਫੁੱਲ’ ਰਲੀਜ਼ ਕੀਤੀ ਗਈ।ਸਮਾਪਤੀ ‘ਤੇ ਸਭਾ ਦੇ ਪ੍ਰਧਾਨ ਮਲਕੀਅਤ ਸੁਹਲ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ।
Check Also
ਇੰਸਟੀਚਿਊਟ ਫਾਰ ਦ ਬਲਾਈਂਡ ਨੇ 102 ਸਾਲਾ ਸਥਾਪਨਾ ਦਿਵਸ ਮਨਾਇਆ
ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ …