ਮੀਟਿੰਗ ਦੌਰਾਨ ਅਹਿਮ ਪੰਥਕ ਮੁੱਦਿਆਂ ‘ਤੇ ਕੀਤਾ ਗਿਆ ਵਿਚਾਰ ਵਟਾਂਦਰਾ
ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤੀਹ ਦੇਸ਼ਾਂ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਗਲੋਬਲ ਸਿੱਖ ਕੌਂਸਲ ਦੇ ਅਹੁੱਦੇਦਾਰਾਂ ਨਾਲ ਆਨਲਾਈਨ ਮੀਟਿੰਗ ਕਰਕੇ ਪੰਥ ਦੇ ਅਹਿਮ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ। ਕੌਂਸਲ ਦੇ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚੋਂ ਨਿਕਲੀ ਪੁਰਾਤਨ ਇਮਾਰਤ ਸਬੰਧੀ ਸ਼ਾਂਤਮਈ ਢੰਗ ਨਾਲ ਬੈਠ ਕੇ ਢੁੱਕਵਾਂ ਫੈਸਲਾ ਲੈਣ ਦੀ ਸਲਾਹ ਦਿੱਤੀ।ਉਨ੍ਹਾਂ ਦਾ ਵਿਚਾਰ ਸੀ ਕਿ ਪੁਰਾਣੀਆਂ ਇਮਾਰਤਾਂ ਸਾਨੂੰ ਸਾਡੇ ਮੂਲ ਨਾਲ ਜੋੜਦੀਆਂ ਹਨ ਅਤੇ ਇਤਿਹਾਸਕ ਮਹੱਤਤਾ ਰੱਖਦੀਆਂ ਹਨ।ਇਸ ਲਈ ਇਨ੍ਹਾਂ ਦੀ ਸੰਭਾਲ ਜਰੂਰੀ ਹੈ।
ਬੀਬੀ ਜਗੀਰ ਕੌਰ ਨੇ ਇਸ ਸਮੇਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਤਿਹਾਸਕ ਮਹੱਤਤਾ ਵਾਲੀਆਂ ਇਮਾਰਤਾਂ ਨੂੰ ਸਾਂਭਣ ਲਈ ਪੰਥਕ ਵਿਦਵਾਨਾਂ ਅਤੇ ਇਤਿਹਾਸਕਾਰਾਂ ਨਾਲ ਸਲਾਹ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚੋਂ ਨਿਕਲੀ ਪੁਰਾਤਨ ਇਮਾਰਤ ਬਾਰੇ ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਟੂਰਿਜ਼ਮ ਵਿਭਾਗ ਦੀ ਰਿਪੋਰਟ ਆਉਣ ‘ਤੇ ਇਮਾਰਤ ਦੀ ਯੋਗ ਸਾਂਭ ਸੰਭਾਲ ਕਰੇਗੀ।
ਮੀਟਿੰਗ ਦੌਰਾਨ ਪ੍ਰਧਾਨ ਗਲੋਬਲ ਸਿੱਖ ਕੌਂਸਲ ਬੀਬੀ ਕਮਲਜੀਤ ਕੌਰ, ਸਰਦਾਰ ਜਸਪਾਲ ਸਿੰਘ ਬੈਂਸ ਚੇਅਰਮੈਨ ਗਲੋਬਲ ਸਿੱਖ ਕੌਂਸਲ ਹੈਰੀਟੇਜ ਕਮੇਟੀ, ਮੈਂਬਰ ਦਵਿੰਦਰਪਾਲ ਸਿੰਘ, ਮੈਂਬਰ ਪਰਮਜੀਤ ਸਿੰਘ ਬੇਦੀ, ਹੈਰੀਟੇਜ਼ ਬੋਰਡ ਦੇ ਮੈਂਬਰ ਡਾ. ਰਾਵਲ ਸਿੰਘ ਔਲਖ ਅਤੇ ਸਿਰਦਾਰ ਕਰਮਜੀਤ ਸਿੰਘ ਚਾਹਲ ਆਦਿ ਮੌਜ਼ੂਦ ਸਨ।