ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਲਾਹੌਰ (ਪਾਕਿਸਤਾਨ) ਵਿਚ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਦੇ ਬਾਹਰ ਸਥਾਪਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਦਫ਼ਤਰ ਤੋਂ ਜਾਰੀ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਜਿਹਾ ਸਿੱਖ ਰਾਜਾ ਸੀ ਜਿਸ ਦੇ ਰਾਜ ਵਿਚ ਸਭ ਨੂੰ ਬਰਾਬਰ ਹੱਕ ਸਨ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਸਾਹਿਬਾਨਾਂ ਦੇ ਮੂਲ ਸਿਧਾਂਤਾਂ ਦੇ ਅਧਾਰਿਤ ਸੀ, ਜਿਸ ਵਿਚ ਸਮਾਜਿਕ ਸਮਾਨਤਾ ਤੇ ਸਭ ਨੂੰ ਧਾਰਮਿਕ ਅਜ਼ਾਦੀ ਸੀ।ਉਨ੍ਹਾਂ ਦੇ ਦਰਬਾਰ ਵਿਚ ਸਿੱਖਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਅਧਿਕਾਰੀ ਵੀ ਤੈਨਾਤ ਸਨ।ਬੀਬੀ ਜਗੀਰ ਕੌਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਥੇ ਗੁਰਦੁਆਰਾ ਸਾਹਿਬਾਨ ਦੇ ਨਾਮ ਜਗੀਰਾਂ ਲਗਾਈਆਂ, ਉਥੇ ਧਰਮ ਨਿਰਪੱਖਤਾ ਦੀ ਮਿਸਾਲ ਪੈਦਾ ਕਰਦਿਆਂ ਦੂਸਰੇ ਧਰਮਾਂ ਦਾ ਵੀ ਵੱਡਾ ਸਤਿਕਾਰ ਕੀਤਾ ਅਤੇ ਲੋੜ ਅਨੁਸਾਰ ਕਾਰਜ ਕਰਵਾਏ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਦੁਨੀਆਂ ਦੇ ਚੋਣਵੇਂ ਸ਼ਾਸਕਾਂ ਵਿਚ ਸ਼ਮਾਰ ਹੈ ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਵੱਡੇ ਕਾਰਜ ਕੀਤੇ। ਉਨ੍ਹਾਂ ਕਿਹਾ ਕਿ ਵਿਸ਼ਵ ਮਾਨਤਾ ਵਾਲੇ ਸਿੱਖ ਸ਼ਾਸਕ ਦਾ ਬੁੱਤ ਤੋੜ ਕੇ ਨਫਰਤ ਦਾ ਪ੍ਰਗਟਾਵਾ ਕਰਨਾ ਮਨੁੱਖੀ ਸਰੋਕਾਰਾਂ ਦੇ ਵਿਰੁੱਧ ਕਾਰਵਾਈ ਹੈ।ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਨਿਰਾਦਰੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੋਂ ਅਜਿਹੀ ਕੋਈ ਘਿਨਾਉਣੀ ਹਰਕਤ ਨਾ ਕਰੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …