Monday, December 23, 2024

ਪ੍ਰਧਾਨ ਮੰਤਰੀ ਵਲੋਂ 14 ਅਗਸਤ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਵਜੋਂ ਮਨਾਉਣ ਦੇ ਫੈਸਲੇ ਦੀ ਛੀਨਾ ਨੇ ਸ਼ਲਾਘਾ

ਵੰਡ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਜਾਇਦਾਦਾਂ ਦੇ ਮਾਲਕਾਨਾ ਹੱਕ ਦੇਣ ਦੀ ਲਈ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ

ਅੰਮ੍ਰਿਤਸਰ, 17 ਅਗਸਤ (ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਲਾਲ ਕਿਲ੍ਹੇ ਤੋਂ ਹਰੇਕ ਸਾਲ 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਸਮਿ੍ਰਤੀ ਦਿਵਸ (ਪਾਰਟੀਸ਼ਨ ਹੌਰਰਜ਼ ਰਿਮੈਂਬਰੈਂਸ ਡੇਅ) ਵਜੋਂ ਮਨਾਉਣ ਦੇ ਐਲਾਨ ਦੀ ਸ਼ਲਾਘਾ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਕਦਮ ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਲਈ ਸੱਚੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ 1947 ’ਚ ਦੇਸ਼ ਦੀ ਵੰਡ ਕਾਰਨ ਆਪਣੀਆਂ ਜਾਨਾਂ ਗੁਆਈਆਂ ਅਤੇ ਹਜ਼ਾਰਾਂ ਲੋਕੀ ਘਰੋਂ ਬੇਘਰ ਹੋ ਕੇ ਉਜੜ ਗਏ ਸਨ।
              ਇੱਥੇ ਜਾਰੀ ਇਕ ਬਿਆਨ ’ਚ ਛੀਨਾ ਨੇ ਕਿਹਾ ਕਿ ਇਹ ਘਟਨਾ ਵਿਸ਼ਵ ਇਤਿਹਾਸ ’ਚ ਸਭ ਤੋਂ ਮਾੜੀਆਂ ਘਟਨਾਵਾਂ ’ਚੋਂ ਇਕ ਹੈ।ਜਿਸ ’ਚ ਬਹੁਤ ਜ਼ਿਆਦਾ ਖੂਨ-ਖਰਾਬਾ ਹੋਇਆ।ਇਹ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।ਉਨ੍ਹਾਂ ਕਿਹਾ ਕਿ ਸੰਸਾਰ ਭਰ ’ਚ ਇਹ ਲੋਕਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਜ਼ਬਰੀ ਪ੍ਰਵਾਸ ਸੀ।ਇਤਿਹਾਸ ਦੇ ਪੰਨੇ੍ਹ ’ਚ ਵੰਡ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਦਾ ਸਭ ਤੋਂ ਕਾਲੇ ਦੌਰ ਵਜੋਂ ਜਾਣੀ ਜਾਂਦੀ ਰਹੇਗੀ, ਜਿਸ ਦੇ ਅਮਿੱਟ ਨਿਸ਼ਾਨ ਹਮੇਸ਼ਾਂ ਯਾਦ ਰਹਿਣਗੇ।
               ਉਨ੍ਹਾਂ ਕਿਹਾ ਕਿ ਵੰਡ ਦੇ ਦੁੱਖ ਅਜੇ ਵੀ ਉਨ੍ਹਾਂ ਲੋਕਾਂ ਦੀਆਂ ਯਾਦਾਂ ’ਚ ਡੂੰਘੇ ਹਨ ਜਿਨ੍ਹਾਂ ਨੇ ਆਪਣੇ ਗਵਾਏ ਸਨ।ਹਾਲਾਂਕਿ ਆਜ਼ਾਦੀ ਭਾਰਤ ਦੇ ਬਹੁਤੇ ਹਿੱਸਿਆਂ ਲਈ ਜਸ਼ਨ ਸੀ, ਪਰ ਇਸ ਖਿੱਤੇ ’ਚ ਇਹ ਸੋਗ, ਹੰਝੂ, ਵਿਛੋੜਾ, ਜਲਾਵਤਨ, ਰੋਣਾ, ਖੂਨ-ਖਰਾਬਾਂ, ਅਗਵਾ, ਬਲਾਤਕਾਰ, ਕਤਲ ਵਜੋਂ ਜਾਣਿਆ ਜਾਂਦਾ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਪੁਨਰਵਾਸ ਦੇ ਰੂਪ ’ਚ ਹਜ਼ਾਰਾਂ ਪਰਿਵਾਰਾਂ ਨੂੰ ਮਿਲੀਆਂ ਜ਼ਮੀਨਾਂ ਤੇ ਜਾਇਦਾਦਾਂ ਦੇ ਪੂਰੇ ਮਾਲਕਾਨਾਂ ਹੱਕ ਦੇਣ ਦੀ ਬੇਨਤੀ ਕੀਤੀ।
             ਉਨ੍ਹਾਂ ਕਿਹਾ ਕਿ ਇਹ ਪ੍ਰਭਾਵਿਤ ਪਰਿਵਾਰ ਅੱਜ ਵੀ ਇਨਸਾਫ਼ ਲਈ ਦਰਦਰ ਭੱਜ ਦੌੜ ਕਰ ਰਹੇ ਸਨ।ਜੇਕਰ ਕੇਂਦਰ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਲਈ ਇਸ ਬਾਰੇ ਕੋਈ ਸਖਤ ਫੈਸਲਾ ਲੈਂਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਦੇ ਧੰਨਵਾਦੀ ਹੋਣਗੇ।ਉਨ੍ਹਾਂ ਮੰਗ ਕੀਤੀ ਕਿ ਭਾਰਤ ਅਤੇ ਸੂਬਾ ਸਰਕਾਰ ਨੂੰ ਵਿਭਾਜਨ ਪ੍ਰਭਾਵਿਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਪ੍ਰਦਾਨ ਕਰੇ।
                ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਸ ਦੁਖਾਂਤ ਬਾਰੇ ਕਦੇ ਨਹੀਂ ਸੋਚਿਆ।ਉਨ੍ਹਾਂ ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …