Saturday, July 5, 2025
Breaking News

ਕਰੋਨਾ ਵਲੰਟੀਅਰਾਂ ਨੇ ਪੱਕੇ ਮੋਰਚੇ ‘ਤੇ ਮਨਾਇਆ ਰੱਖੜੀ ਤਿਉਹਾਰ

ਸੰਗਰੂਰ, 22 ਅਗਸਤ (ਜਗਸੀਰ ਲੌਂਗੋਵਾਲ) – ਕਰੋਨਾ ਵਲੰਟੀਅਰਾਂ ਵਲੋਂ ਆਪਣੀਆਂ ਮੰਗਾਂ ਨਾ ਮੰਨਣ ਕਾਰਨ ਪੰਜਾਬ ਸਰਕਾਰ ਖਿਲਾਫ਼ ਪਿਛਲੇ ਕਾਫੀ ਦਿਨਾਂ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ।ਅੱਜ ਰੱਖੜੀ ਦੇ ਤਿਉਹਾਰ ‘ਤੇ ਕਰੋਨਾ ਵਲੰਟੀਅਰਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪੱਕੇ ਮੋਰਚੇ ਤੇ ਪੁੱਜ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ।ਕਰੋਨਾ ਵਲੰਟੀਅਰਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਸਰਕਾਰ ਨੇ ਇਹਨਾਂ ਕਰੋਨਾ ਵਲੰਟੀਅਰਾਂ ਨਾਲ ਬਹੁਤ ਹੀ ਮਾੜਾ ਵਤੀਰਾ ਕੀਤਾ ਹੈ, ਇਹਨਾਂ ਨੇ ਉਸ ਮਾੜੇ ਸਮੇਂ ਸਰਕਾਰ ਦਾ ਸਾਥ ਦਿੱਤਾ ਹੈ, ਜਦੋਂ ਲੋਕ ਡਰਦੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਸਨ।ਗਰਮੀ ਦੇ ਮੌਸਮ 38-40 ਡਿਗਰੀ ਤਾਪਮਾਨ ਵਿੱਚ ਪੀ.ਪੀ ਕਿੱਟਾਂ ਪਾ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡਿਊਟੀਆਂ ਕੀਤੀਆਂ ਹਨ।ਸਰਕਾਰ ਨੇ ਇਹਨਾਂ ਨੂੰ ਇਨਾਮ ਤਾਂ ਕੀ ਦੇਣਾ ਸੀ, ਸਗੋਂ ਰੁਜ਼ਗਾਰ ਤੋਂ ਵੀ ਵਾਂਝੇ ਕਰਕੇ ਸੜਕਾਂ ਤੇ ਰੋਲ ਦਿੱਤਾ ਹੈ।ਉਹਨਾਂ ਇਹ ਵੀ ਕਿਹਾ ਕਿ ਜੇਕਰ ਕਰੋਨਾ ਵਲੰਟੀਅਰਾਂ ਦੀਆਂ ਮੰਗਾਂ ਛੇਤੀ ਪ੍ਰਵਾਨ ਨਹੀਂ ਕੀਤੀਆਂ ਗਈਆਂ ਅਸੀਂ ਵਿੱਚ ਅਪਣੇ ਬੱਚਿਆਂ ਨਾਲ ਸਰਕਾਰ ਖਿਲਾਫ ਧਰਨੇ ਵਿੱਚ ਸ਼ਾਮਲ ਹੋਵਾਂਗੇ।
                       ਸੂਬਾ ਪ੍ਰਧਾਨ ਰਾਜਵਿੰਦਰ ਸਿੰਘ, ਸੂਬਾ ਸਕੱਤਰ ਚਮਕੌਰ ਸਿੰਘ ਅਤੇ ਪ੍ਰੈਸ ਸਕੱਤਰ ਰਮਨਦੀਪ ਸਿੰਘ ਨੇ ਕਿਹਾ ਕਿ ਅਸੀਂ ਕਈਆਂ ਮਹੀਨਿਆਂ ਤੋਂ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਹਾਂ।ਪਰ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਹਰ ਵਾਰ ਸਾਨੂੰ ਮੀਟਿੰਗ ਦਾ ਭਰੋਸਾ ਦਿੱਤਾ ਜਾਂਦਾ ਹੈ, ਪ੍ਰੰਤੂ ਅੱਜ ਤੱਕ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਸਾਰੀਆਂ ਹੀ ਬੇਸਿੱਟਾ ਰਹੀਆਂ ਹਨ।ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਛੇਤੀ ਨਾ ਮੰਨੀਆਂ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਜਿਥੇ ਵੀ ਪੰਜਾਬ ਸਰਕਾਰ ਦਾ ਕੋਈ ਵੀ ਪ੍ਰੋਗਰਾਮ ਹੋਵੇਗਾ ਅਸੀ ਉਥੇ ਜਾ ਕੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ ਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਆਪਣੇ ਪਰਿਵਾਰਾਂ ਸਮੇਤ ਡਟ ਕੇ ਵਿਰੋਧ ਕਰਾਂਗੇ।
                      ਇਸ ਮੌਕੇ ਹਰਦੀਪ ਕੌਹਰੀਆਂ, ਕੁਲਦੀਪ ਸਿੰਘ, ਦਵਿੰਦਰ ਫਾਜ਼ਿਲਕਾ, ਬਲਕਾਰ ਸਿੰਘ ਫਾਜ਼ਿਲਕਾ, ਅਸੀਮ ਫਾਜ਼ਿਲਕਾ, ਰਾਜਵੀਰ ਕੌਰ ਰੋਮਿਲਾ, ਗੁਰਿੰਦਰਪਾਲ ਕੌਰ, ਕੋਮਲ ਮੋਗਾ, ਲਖਵੀਰ ਮੋਗਾ, ਨਵਪ੍ਰੀਤ ਕੌਰ, ਮਨਪ੍ਰੀਤ ਸਿੰਘ, ਗੁਰਜੀਤ ਕੌਰ, ਅਮਰਦੀਪ ਸਿੰਘ ਅਤੇ ਹੋਰ ਕਰੋਨਾ ਵਲੰਟੀਅਰ ਵੀ ਮੌਜ਼ੂਦ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …