ਕੀਤਾ ਕੰਮ ਜਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਲੋਕਾਂ ਨੂੰ ਭਰਮਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਪੰਜ-ਸੱਤ ਚੇਲੇ ਪਾਲੇ ਨੇ, ਜੋ `ਜੀ ਹਾਂ` ਕਹਿਣ ਨੂੰ ਕਾਹਲੇ ਨੇ,
`ਮੈਂ ਹੀ ਮੈਂ` ਰਟ ਲਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਖੁਦ ਕੰਮ ਧੇਲੇ ਦਾ ਕਰਦੇ ਨਾ, ਕਰਦੇ ਨੂੰ ਵੇਖ ਨਾ ਜ਼ਰਦੇ ਨਾ,
`ਬੱਦਲ` ਨੂੰ ਦਬਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਜਾ ਚੰਨ੍ਹ ਉਤੇ ਝੰਡਾ ਗੱਡਾਂਗੇ, ਪਿਛਲੀ ਕੋਈ ਕਸਰ ਨਾ ਛੱਡਾਂਗੇ,
ਕੂੜ ਹੀ ਵਰਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਰੰਗ ਵਿੱਚ ਭੰਗ ਪਾ ਦਿੰਦੇ, ਫਿਰ ਆਪੇ ਹੀ ਰੰਗ ਜਮਾ ਦਿੰਦੇ,
ਪਾ ਕੇ ਚੋਗ ਫਸਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਹੁਣ ਲੋਕੀਂ ਸਭ ਜਾਣਦੇ ਨੇ, ਅਸਲੀ ਦੁਸ਼ਮਣ ਪਹਿਚਾਣਦੇ ਨੇ,
ਝੁੱਗਾ ਚੌੜ ਕਰਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਉਹੀ ਲਾਰੇ ਸੁਣ-ਸੁਣ ਥੱਕੇ ਨੇ, `ਰੰਗੀਲਪੁਰੀਏ` ਵੀ ਅੱਕੇ ਨੇ,
ਮੰਗਣ ਹੱਕ ਜੀਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਕੀਤਾ ਕੰਮ ਜਿਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਲੋਕਾਂ ਨੂੰ ਭਰਮਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ । 07092021
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071