Friday, March 27, 2026

ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ- ਐਸ.ਐਸ.ਪੀ

ਜ਼ਿਲ੍ਹਾ ਪੁਲਿਸ ਨੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਕੀਤਾ ਯਾਦ

ਨਵਾਂਸ਼ਹਿਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪੁਲਿਸ ਵੱਲੋਂ ਅੱਜ ਐਸ.ਐਸ.ਪੀ ਕੰਵਰਦੀਪ ਕੌਰ ਦੀ ਅਗਵਾਈ ‘ਚ ਪੁਲਿਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਥਾਨਕ ਆਈ.ਟੀ.ਆਈ ਗਰਾਊਂਡ ਵਿਖੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ‘ਸੋਗ ਪਰੇਡ’ ਕੀਤੀ ਗਈ।ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਸਲਾਮ ਕੀਤਾ ਗਿਆ।ਐਸ.ਐਸ.ਪੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿਚੋਂ ਕਾਲੇ ਦੌਰ ਦਾ ਖ਼ਾਤਮਾ ਕਰ ਕੇ ਸ਼ਾਂਤੀ ਦੀ ਬਹਾਲੀ ਕਰਨ ਵਿਚ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਬਹਾਦਰੀ ਭਰੀ ਗਾਥਾ ਲਾਮਿਸਾਲ ਅਤੇ ਅਭੁੱਲ ਹੈ।ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਨੂੰ ਹਰ ਪਲ ਇਹ ਯਾਦ ਕਰਵਾਉਂਦੀ ਹੈ ਕਿ ਦੇਸ਼ ਨੂੰ ਜੇਕਰ ਸਾਡੀ ਵੀ ਕੁਰਬਾਨੀ ਦੀ ਲੋੜ ਪਵੇ ਤਾਂ ਕਦੇ ਵੀ ਪਿੱਛੇ ਨਹੀਂ ਹਟਾਂਗੇ।ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਨੇੜੇ ਹਾਟ ਸਪਰਿੰਗਜ਼ ਵਿਖੇ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ ਵਿਚ 1960 ਤੋਂ ਅੱਜ ਦੇ ਦਿਨ ਨੂੰ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
                        ਐਸ.ਪੀ (ਹੈਡਕੁਆਰਟਰ) ਮਨਵਿੰਦਰ ਬੀਰ ਸਿੰਘ ਨੇ ਪਿਛਲੇ ਇਕ ਸਾਲ ਦੌਰਾਨ ਸ਼ਹੀਦ ਹੋਏ ਦੇਸ਼ ਦੇ 377 ਪੁਲਿਸ ਅਤੇ ਅਰਧ ਸੈਨਿਕ ਬਲਾਂ ਅਤੇ ਅੱਤਵਾਦ ਦੌਰਾਨ ਸ਼ਹੀਦ ਹੋਏ ਜ਼ਿਲ੍ਹੇ ਦੇ 27 ਪੁਲਿਸ ਤੇ ਹੋਮਗਾਰਡ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ 1785 ਪੁਲਿਸ ਤੇ ਹੋਮ ਗਾਰਡ ਜਵਾਨਾਂ ਅਤੇ 262 ਪਰਿਵਾਰਕ ਮੈਂਬਰਾਂ ਨੂੰ ਏਕਤਾ ਤੇ ਅਖੰਡਤਾ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਸ਼ਹੀਦ ਹੋਏ ਜ਼ਿਲ੍ਹੇ ਦੇ ਪੁਲਿਸ ਅਤੇ ਹੋਮ ਗਾਰਡ ਜਵਾਨਾਂ ਵਿਚ ਇੰਸਪੈਕਟਰ ਹਰਜੀਤ ਸਿੰਘ, ਐਸ.ਆਈ ਪ੍ਰੇਮ ਚੰਦ, ਹਰਦਿਆਲ ਸਿੰਘ ਤੇ ਗਿਆਨ ਚੰਦ, ਏ.ਐਸ.ਆਈ ਪ੍ਰਕਾਸ਼ ਚੰਦ, ਰਾਮ ਸਰੂਪ ਤੇ ਅਵਤਾਰ ਸਿੰਘ, ਮੁੱਖ ਸਿਪਾਹੀ ਪ੍ਰਵੀਨ ਕੁਮਾਰ, ਬਲਦੇਵ ਸਿੰਘ, ਰਾਮਜੀ ਦਾਸ, ਜਸਪਾਲ ਸਿੰਘ ਤੇ ਕਰਮ ਚੰਦ, ਸੀ-2 ਹੁਸਨ ਲਾਲ, ਸਿਪਾਹੀ ਰੋਸ਼ਨ ਲਾਲ, ਪਰਮਜੀਤ ਸਿੰਘ, ਜਸਵੀਰ ਰਾਮ, ਕੇਵਲ ਕ੍ਰਿਸ਼ਨ, ਸਦਾ ਰਾਮ, ਕੇਵਲ ਸਿੰਘ, ਗੁਦਾਵਰ ਰਾਮ ਤੇ ਜਗਦੀਸ਼ ਸਿੰਘ, ਪੀ.ਐਚ.ਜੀ ਅਜੀਤ ਸਿੰਘ, ਸੁਸ਼ੀਲ ਕੁਮਾਰ, ਅਵਤਾਰ ਸਿੰਘ ਤੇ ਸੋਮ ਨਾਥ, ਐਸ.ਪੀ.ਓ ਅਮਰਜੀਤ ਸਿੰਘ ਤੇ ਦਿਲਬਾਗ ਸਿੰਘ ਸ਼ਾਮਲ ਹਨ।
ਡੀ.ਐਸ.ਪੀ (ਪ੍ਰੋਬੇਸ਼ਨਲ) ਅਤੇ ਐਸ.ਐਚ.ਓ ਰਾਹੋਂ ਗੁਰਵਿੰਦਰ ਸਿੰਘ ਦੀ ਅਗਵਾਈ ‘ਚ ਸੋਗ ਪਰੇਡ ਦੌਰਾਨ ਪੁਲਿਸ ਜਵਾਨਾਂ ਵੱਲੋਂ ਹਥਿਆਰ ਉਲਟੇ ਕਰ ਕੇ ਸੋਗ ਸਲਾਮੀ ਦਿੱਤੀ ਗਈ ਅਤੇ ਸਮਾਗਮ ਵਿਚ ਮੌਜ਼ੂਦ ਸਾਰੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਐਸ.ਪੀ (ਡੀ) ਵਜ਼ੀਰ ਸਿੰਘ ਖਹਿਰਾ, ਐਸ.ਪੀ (ਪੀ.ਬੀ.ਆਈ) ਪਿਰਥੀਪਾਲ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਡੀ.ਐਸ.ਪੀਜ਼ ਅਤੇ ਐਸ.ਐਚ.ਓ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …