
ਚਵਿੰਡਾ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸ਼ੀਅਤ ਨੂੰ ਉਭਾਰਨ ਦੇ ਯਤਨਾਂ ਨੂੰ ਜਾਰੀ ਰੱਖਦਿਆਂ ਹੋਇਆਂ “ਬੈਕਿੰਗ ਖੇਤਰ ਵਿਚ ਰੋਜ਼ਗਾਰ” ਵਿਸ਼ੇ ‘ਤੇ ਕਾਮਰਸ ਅਤੇ ਇਕਨਾਮਿਕਸ ਵਿਭਾਗ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸ. ਤਜਿੰਦਰ ਸਿੰਘ ਖ਼ਾਲਸਾ, ਅਸਿਸਟੈਂਟ ਜਨਰਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੈਕਿੰਗ ਖੇਤਰ ਵਿਚ ਸੁਨਿਹਰੇ ਭਵਿੱਖ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਵਿਚ ਰੋਜ਼ਗਾਰ ਸੰਬੰਧੀ ਕਾਫੀ ਸੰਭਾਵਨਾਵਾਂ ਮੌਜੂਦ ਹਨ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸਖਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਇਸ ਖੇਤਰ ਵਿਚ ਕਾਮਯਾਬੀ ਹਾਸਿਲ ਕਰ ਸਕਦੇ ਹਨ।ਬੈਕਿੰਗ ਖੇਤਰ ਵਿਚ ਆਉਣ ਲਈ ਵਿਦਿਆਰਥੀਆਂ ਵਿਚ ਕੁਝ ਵਿਸ਼ੇਸ਼ ਯੋਗਤਾਵਾਂ ਹੋਣੀਆਂ ਜਰੂਰੀ ਹਨ ਜਿਨ੍ਹਾਂ ਵਿਚੋਂ ਆਪਣੇ ਕਿੱਤੇ ਦੀ ਸਹੀ ਜਾਣਕਾਰੀ, ਚੰਗਾ ਆਚਰਣ, ਲੀਡਰਸ਼ਿਪ ਦਾ ਗੁਣ, ਪ੍ਰੇਰਣਾ ਆਦਿ ਵਿਸ਼ੇਸ਼ ਮਹੱਤਵ ਰੱਖਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੈਕਿੰਗ ਖੇਤਰ ਵਿਚ ਆਉਣ ਲਈ ਸਰਕਾਰ ਵੱਲੋਂ ਲਏ ਜਾਂਦੇ ਇਮਤਿਹਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਇਮਤਿਹਾਨਾਂ ਵਿਚੋਂ ਪਾਸ ਹੋਣ ਲਈ ਕੁਝ ਵਿਸ਼ੇਸ਼ ਹਿਦਾਇਤਾਂ ਵੀ ਦਿੱਤੀਆਂ।
ਕਾਲਜ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਆਏ ਹੋਏ ਮੁਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਸ਼ਵੀਕਰਨ ਕਰਕੇ ਬੈਕਿੰਗ ਖੇਤਰ ਦਾ ਪਾਸਾਰ ਹੋ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਰੋਜ਼ਗਾਰ ਦੇ ਮੌਕਿਆਂ ਵਿਚ ਕਾਫੀ ਵਾਧਾ ਹੋਇਆ ਹੈ। ਇਸ ਲਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੋਰ ਦੇ ਕੇ ਬੈਂਕਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਪ੍ਰੇਰਣਾ ਦਿੱਤੀ।
Punjab Post Daily Online Newspaper & Print Media