Friday, November 22, 2024

ਹਵਾਬਾਜ਼ੀ ਮੰਤਰੀ ਅੰਮ੍ਰਿਤਸਰ-ਨਾਦੇੜ ਹਫ਼ਤਾਵਰੀ ਉਡਾਨ ਸ਼ੁਰੂ ਕਰਨ ਲਈ ਸਹਿਮਤ

ਅੰਮ੍ਰਿਤਸਰ ਤੋਂ ਨਾਦੇੜ ਲਈ ਹਫਤੇ ‘ਚ ਤਿੰਨ ਉਡਾਨਾਂ ਦੀ ਲੋੜ – ਔਜਲਾ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਏਅਰ ਇੰਡੀਆ ਵਲੋਂ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਨਾਦੇੜ ਅਤੇ ਪਟਨਾ ਸਾਹਿਬ ਦੀਆਂ ਉਡਾਨਾਂ ਬੰਦ ਕਰਨ ‘ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਜੋ ਰੋਸ ਪੱਤਰ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਗਿਆ ਸੀ। ਉਸ ਦੇ ਉਤਰ ਵਿੱਚ ਕੇਂਦਰੀ ਮੰਤਰੀ ਜੋਤੀਰਦਿੱਤਿਆ ਸਿੰਧੀਆ ਨੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਨਾਦੇੜ ਲਈ ਹਫਤੇ ਵਿੱਚ ਇੱਕ ਉਡਾਨ ਸ਼ੁਰੂ ਕਰਨ ਦੀ ਹਾਮੀ ਭਰੀ ਹੈ।ਪਰ ਪਟਨਾ ਸਾਹਿਬ ਲਈ ਉਡਾਨ ਸ਼ੁਰੂ ਕਰਨ ਤੋਂ ਅਜੇ ਟਾਲਾ ਵੱਟਿਆ ਹੈ।ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰੀਖਣ ਮੌਕੇ ਔਜਲਾ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਤੋਂ ਨਾਦੇੜ ਅਤੇ ਪਟਨਾ ਸਾਹਿਬ ਲਈ ਉਡਾਨਾਂ ਗੁਰਧਾਮ ਯਾਤਰਾ ਕਰਕੇ ਹੀ ਚੱਲਦੀਆਂ ਹਨ ਅਤੇ ਇਹ ਯਾਤਰਾ ਦੋ ਤੋਂ ਤਿੰਨ ਦਿਨਾਂ ਦੀ ਹੈ, ਨਾ ਕਿ ਇੱਕ ਹਫਤੇ ਦੀ।ਉਨਾਂ ਕਿਹਾ ਕਿ ਨਾਦੇੜ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਨਾਦੇੜ ਯਾਤਰਾ ‘ਤੇ ਗਿਆ ਵਿਅਕਤੀ ਦੋ ਤੋਂ ਤਿੰਨ ਦਿਨ ਦਾ ਠਹਿਰਾਅ ਕਰਦਾ ਹੈ।ਇਸ ਲਈ ਹਫਤਾਵਾਰੀ ਉਡਾਨ ਕਿਸੇ ਵੀ ਲਿਹਾਜ਼ ਨਾਲ ਯਾਤਰਾ ਦੇ ਅਨਕੂਲ ਨਹੀਂ ਬੈਠਦੀ।ਉਨਾਂ ਕਿਹਾ ਕਿ ਇਸੇ ਤਰਾਂ ਹੀ ਪਟਨਾ ਸਾਹਿਬ ਉਡਾਨ ਦੀ ਹਫਤੇ ਵਿੱਚ ਦੋ ਤੋਂ ਤਿੰਨ ਵਾਰ ਦੀ ਲੋੜ ਹੈ।
ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਛੇਤੀ ਹੀ ਗੋ ਇੰਡੀਆ ਵਲੋਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ 6 ਉਡਾਨਾਂ, ਅੰਮ੍ਰਿਤਸਰ ਤੋਂ ਮੁੰਬਈ ਤੇ ਮੁੰਬਈ ਤੋਂ ਅੰਮ੍ਰਿਤਸਰ ਲਈ ਰੋਜ਼ਾਨਾ 4 ਉਡਾਨਾਂ ਤੇ ਅੰਮ੍ਰਿਤਸਰ ਤੋਂ ਸ੍ਰੀਨਗਰ ਤੇ ਸ੍ਰੀਨਗਰ ਤੋਂ ਅੰਮ੍ਰਿਤਸਰ ਲਈ ਰੋਜ਼ਾਨਾ 2 ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਉਨਾਂ ਇਸ ਪਹਿਲਕਦਮੀ ਦਾ ਸਵਾਗਤ ਕਰਦੇ ਕਿਹਾ ਕਿ ਇਸ ਤਰਾਂ ਦੀਆਂ ਉਡਾਨਾਂ ਨਾਲ ਅੰਮ੍ਰਿਤਸਰ ਕੇਵਲ ਰਾਸ਼ਟਰੀ ਨਹੀਂ ਬਲਕਿ ਅੰਤਰਰਾਸ਼ਟਰੀ ਸਰਕਟ ਨਾਲ ਜੁੜੇਗਾ, ਜੋ ਕਿ ਖਿੱਤੇ ਦੀ ਖੁਸ਼ਹਾਲੀ ਲਈ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਹਵਾਈ ਅੱਡਾ ਡਾਇਰੈਕਟਰ ਵੀ.ਕੇ ਸੇਠ, ਮੈਨਜਰ ਅਮਨ ਕੋਹਲੀ, ਸਹਾਇਕ ਕਮਾਂਡਰ ਵਿਜੈ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …