Saturday, May 24, 2025
Breaking News

ਮਾਮਲਾ ਅੰਮ੍ਰਿਤਧਾਰੀ ਨੌਜਵਾਨ ਦੀ ਮਾਰਕੁੱਟ ਤੇ ਕਕਾਰਾਂ ਦੀ ਬੇਅਦਬੀ ਦਾ

ਮੂਕ ਦਰਸ਼ਕ ਬਣੇ ਪੁਲਿਸ ਅਫਸਰਾਂ ਨੂੰ ਮੁਅੱਤਲ ਕੀਤਾ ਜਾਵੇ – ਢੋਟ

PPN160308
ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਗਰੀ ਵਿੱਚ ਕੱਲ ਵਾਲਮੀਕ ਭਾਈਚਾਰੇ ਵੱਲੋਂ ਭੰਡਾਰੀ ਪੁੱਲ ਨੇੜੇ ਦਿੱਤੇ ਜਾ ਰਹੇ ਧਰਨੇ ਦੌਰਾਨ ਕੁੱਝ ਵਿਅਕਤੀਆਂ ਵਲੋਂ ਇੱਕ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਜਸਮੀਤ ਸਿੰਘ ਦੀ ਬਿਨਾਂ ਕਾਰਣ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦਾ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸੇ ਸਬੰਧ ਵਿੱਚ ਵਿਚਾਰ ਕਰਨ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੀੜਤ ਪਰਿਵਾਰ ਨੇ ਵੀ ਸ਼ਮੂਲੀਅਤ ਕੀਤੀ।
ਆਪ ਬੀਤੀ ਦੱਸਦਿਆਂ ਪੀੜ੍ਹਤ ਨੌਜਵਾਨ ਜਸਮੀਤ ਸਿੰਘ ਨੇ ਦੱਸਿਆ ਕਿ ਭੰਡਾਰੀ ਪੁੱਲ ਤੇ ਬੈਠੇ ਹੁਲੜਬਾਜਾਂ ਵੱਲੋਂ ਅਚਾਨਕ ਕੀਤੇ ਗਏ ਜਾਨੀ ਹਮਲੇ ਤੋਂ ਗੁਰੂ ਮਹਾਰਾਜ ਨੇ ਹੀ ਉਸਦੀ ਆਪ ਰੱਖਿਆ ਕੀਤੀ ਹੈ।ਜਸਮੀਤ ਨੇ ਕਿਹਾ ਕਿ ਹਮਲਾ ਏਨਾ ਜੋਰਦਾਰ ਸੀ ਕਿ ਹੁਲੜਬਾਜਾਂ ਦੇ ਹਜ਼ੂਮ ਨੇ ਉਸ ਦੀ ਦਸਤਾਰ ਲਾਹ ਕੇ ਕੇਸਾਂ ਤੋਂ ਫੜ੍ਹ ਕੇ ਡਾਂਗਾਂ ਨਾਲ ਕੁੱਟਿਆ ਤੇ ਕਕਾਰਾਂ ਦੀ ਬੇਅਦਬੀ ਕੀਤੀ।ਜਸਮੀਤ ਸਿੰਘ ਤੇ ਉਸਦੇ ਪ੍ਰੀਵਾਰਕ ਮੈਂਬਰਾਂ ਵਲੋਂ ਉਨ੍ਹਾਂ ਤੇ ਬਣੀ ਇਸ ਭੀੜ ਮੌਕੇ ਕੀਤੀ ਗਈ ਮਦਦ ਲਈ ਫੈਡਰੇਸ਼ਨ ਦੀ ਸਰਾਹਨਾ ਕੀਤੀ ਗਈ, ਜਿੰਨਾਂ ਦੀ ਮਦਦ ਸਦਕਾ ਪੁਲਿਸ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਿਆ।ਜਸਮੀਤ ਸਿੰਘ ਨੇ ਜ਼ਜ਼ਬਾਤੀ ਹੁੰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਹੋਣਾ ਚਾਹੀਦਾ ਹੈ ਤਾਂ ਕਿ ਅਜਿਹੇ ਸੰਕਟ ਦੇ ਮੌਕਿਆਂ ਤੇ ਆਪਣੀ ਰੱਖਿਆ ਲਈ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ।
ਇਸ ਮੌਕੇ ਸ੍ਰ: ਢੋਟ ਨੇ ਪੁਲਿਸ ਕਮਿਸ਼ਨਰ ਸ੍ਰ: ਜਤਿੰਦਰ ਸਿੰਘ ਔਲਖ ਤੇ ਏ.ਡੀ.ਸੀ.ਪੀ.-1 ਪਰਮਪਾਲ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਜਿੰਨਾਂ ਨੇ ਘਟਨਾ ਦੇ ਤੁਰੰਤ ਬਾਅਦ ਕਾਰਵਾਈ ਕਰਦਿਆਂ ਹੁਣ ਤੱਕ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਢੋਟ ਨੇ ਕਿਹਾ ਕਿ ਪੁਲਿਸ ਦੇ ਫੌਰੀ ਐਕਸ਼ਨ ਨੇ ਸਿੱਖ ਭਾਈਚਾਰੇ ਵਿੱਚ ਪਾਏ ਜਾ ਰਹੇ ਰੋਸ ਨੂੰ ਕੁੱਝ ਹੱਦ ਤੱਕ ਸ਼ਾਂਤ ਕੀਤਾ ਹੈ।ਲੇਕਿਨ ਐਸ.ਪੀ. ਰੈਂਕ ਦੇ ਅਧਿਕਾਰੀ ਐਨ.ਕੇ.ਸ਼ਰਮਾ ਅਤੇ ਇੰਸਪੈਕਟਰ ਸੁਸ਼ੀਲ ਕੁਮਾਰ ਦੀ ਮੌਜੂਦਗੀ ਵਿੱਚ ਪੁਲਿਸ ਫੋਰਸ ਨੇ ਮੂਕ ਦਰਸ਼ਕ ਬਣਕੇ ਜੋ ਤਮਾਸ਼ਾ ਦੇਖਿਆ ਹੈ, ਉਸ ਨਾਲ ਪੁਲਿਸ ਦੀ ਕਾਰਗੁਜਾਰੀ ‘ਤੇ ਪ੍ਰਸ਼ਨਚਿੰਨ੍ਹ ਜਰੂਰ ਲੱਗਾ ਹੈ, ਉਹ ਕਾਬਿਲੇ ਬਰਦਾਸ਼ਤ ਨਹੀਂ ਹੈ। ਢੋਟ ਨੇ ਮੰਗ ਕੀਤੀ ਕਿ ਜਿੰਨ੍ਹਾਂ ਅਫਸਰਾਂ ਦੇ ਸਾਹਮਣੇ ਅੰਮ੍ਰਿਤਧਾਰੀ ਨੌਜਵਾਨ ਦੇ ਬਿਨ੍ਹਾਂ ਕਿਸੇ ਕਸੂਰ ਦੇ ਮਾਰਕੁਟਾਈ ਕਰਕੇ ਕਕਾਰਾਂ ਦੀ ਜੋ ਬੇਅਦਬੀ ਕੀਤੀ ਗਈ, ਉਸ ਲਈ ਉਕਤ ਪੁਲਿਸ ਅਧਿਕਾਰੀਆਂ ਵੱਲੋਂ ਡਿਊਟੀ ਦੌਰਾਨ ਵਰਤੀ ਗਈ ਕੋਤਾਹੀ ਤੇ ਦੂਸਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਅਹੁਦਿਆਂ ਤੋਂ ਮੁਅੱਤਲ ਕੀਤਾ ਜਾਵੇ।ਢੋਟ ਨੇ ਹੋਰ ਕਿਹਾ ਕਿ ਜਦ ਤੱਕ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਤੇ ਉਕਤ ਜਿੰਮੇਵਾਰ ਅਫਸਰਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਫੈਡਰੇਸ਼ਨ ਦਾ ਗੁੱਸਾ ਸ਼ਾਂਤ ਨਹੀਂ ਹੋਵੇਗਾ ਅਤੇ ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਨੂੰ ਸਹਿਣ ਨਹੀਂ ਕੀਤਾ ਜਾਵੇਗਾ ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply