Saturday, May 24, 2025
Breaking News

ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਢਾਹ ਲਗਾਉਣ ਦਾ ਹੋ ਰਿਹਾ ਹੈ ਯਤਨ -ਸਿੰਘ ਸਾਹਿਬਾਨ

ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ।ਇਸ ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜ਼ਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪੈ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਇਸ਼ਟ ਹਨ।ਉਂਜ ਸਿੱਖਾਂ ਦੀ ਆਸਥਾ ਕਿਸੇ ਦੁਨਿਆਵੀ ਪ੍ਰਮਾਣ ਦੀ ਮੁਥਾਜ਼ ਨਹੀਂ ਹੈ।ਪਿਛਲੇ ਕਈ ਸਾਲਾਂ ਤੋਂ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਕੁੱਝ ਅਦਿੱਖ ਪੰਥ ਵਿਰੋਧੀ ਤਾਕਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਢਾਹ ਲਾ ਰਹੀਆਂ ਹਨ।ਇਹ ਵਰਤਾਰਾ ਇੰਨਾਂ ਘਿਨਾਉਣਾ ਹੈ ਕਿ ਪਹਿਲਾਂ ਪਿੰਡਾਂ-ਕਸਬਿਆਂ ਦੇ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚਣ ਲੱਗਾ ਹੈ।ਕੋਈ ਵੀ ਕਾਨੂੰਨ ਇਨ੍ਹਾਂ ਨੂੰ ਰੋਕਣ ਲਈ ਅਤੇ ਨਿਆਂਪਾਲਿਕਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਾਰਗਰ ਸਾਬਤ ਹੁੰਦੀਆਂ ਦਿਖਾਈ ਨਹੀਂ ਦਿੱਤੀਆਂ।ਸੈਂਕੜੇ ਘਟਨਾਵਾਂ ਵਿੱਚ ਦੋਸ਼ੀ ਫੜ ਕੇ ਕਾਨੂੰਨ ਦੇ ਹਵਾਲੇ ਕੀਤੇ ਜਾਂਦੇ ਰਹੇ ਹਨ, ਪਰ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਇੱਕ ਵੀ ਦੋਸ਼ੀ ਨੂੰ ਕਾਨੂੰਨ ਅਤੇ ਅਦਾਲਤਾਂ ਇਹੋ ਜਿਹੀ ਕੋਈ ਸਜ਼ਾ ਨਹੀਂ ਦੇ ਸਕੀਆਂ ਜੋ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਕਰਨ ਵਾਲਿਆਂ ਲਈ ਸਬਕ ਬਣ ਸਕਦੀ।ਬਲਕਿ ਬਹੁਤ ਸਾਰੇ ਦੋਸ਼ੀਆਂ ਨੂੰ ਮਾਨਸਿਕ ਰੋਗੀ ਆਖ ਕੇ ਬਰੀ ਕਰ ਦਿੱਤਾ ਜਾਂਦਾ ਰਿਹਾ ਤੇ ਬਹੁਤ ਸਾਰੇ ਦੋਸ਼ੀ ਕਾਨੂੰਨ ਦੀ ਮਾੜੀ ਕਾਰਗੁਜ਼ਾਰੀ ਦਾ ਲਾਭ ਚੁੱਕਦਿਆਂ ਜ਼ਮਾਨਤਾਂ ਲੈ ਕੇ ਜੇਲ੍ਹਾਂ ਵਿਚੋਂ ਬਾਹਰ ਆ ਕੇ ਬੇਖੌਫ ਘੁੰਮ ਰਹੇ ਹਨ।ਇਸੇ ਦੇ ਸਦਕਾ ਇਹ ਘਿਨੋਣੀਆਂ ਅਸਹਿਣਯੋਗ ਘਟਨਾਵਾਂ ਇਕ ਨਿਯਮਿਤ ਤੇ ਬੇਰੋਕ ਵਰਤਾਰਾ ਬਣ ਗਈਆਂ ਹਨ।ਸੂਬਾ ਸਰਕਾਰ ਅਤੇ ਕੇਂਦਰੀ ਏਜੰਸੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਾਂਬੂ ਲਾਉਣ ਵਾਲੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਅਸਫਲ ਰਹੀਆਂ ਹਨ।ਸਰਕਾਰਾਂ ਦੀਆਂ ਖੁਫੀਆ ਏਜੰਸੀਆਂ ਵੀ ਬੇਅਦਬੀਆਂ ਦੇ ਵਰਤਾਰੇ, ਇਨ੍ਹਾਂ ਪਿੱਛੇ ਲੁੱਕਵੀਆਂ ਤਾਕਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਮਕਸਦ ਨੂੰ ਸਾਹਮਣੇ ਲਿਆਉਣ ‘ਚ ਬੇਵੱਸ ਨਜ਼ਰ ਆ ਰਹੀਆਂ ਹਨ।
                   ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ, ਸਿੱਖਾਂ ਦੀਆਂ ਮਨੋਭਾਵਨਾਵਾਂ ਨੂੰ ਸਮਝੇ ਬਗ਼ੈਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਿੱਖਾਂ ਦੇ ਰੂਹਾਨੀ ਤੇ ਜਜ਼ਬਾਤੀ ਸਬੰਧ ਨੂੰ ਸਮਝਣ ਤੋਂ ਬਿਨਾਂ ਅਤੇ ਅਤੀਤ ਵਿੱਚ ਵਾਪਰੀਆਂ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਤੋਂ ਬਾਅਦ ਰਾਜ ਦੇ ਕਾਨੂੰਨ ਦੀ ਨਿਰਾਸ਼ਾਜਨਕ ਭੂਮਿਕਾ ਨੂੰ ਅਣਗੌਲਿਆਂ ਕਰਕੇ, ਜਿਸ ਤਰੀਕੇ ਨਾਲ ਦੇਸ਼ ਦੀ ਮੁੱਖ ਧਾਰਾ ਦੇ ਮੀਡੀਆ ਦੇ ਇੱਕ ਹਿੱਸੇ ਨੇ ਸਿੱਖਾਂ ਪ੍ਰਤੀ ਗ਼ਲਤ ਅਕਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਬੇਹੱਦ ਨਿਰਾਸ਼ਾਜਨਕ ਹੈ।
               ਭਾਰਤ ਸਰਕਾਰ ਤੇ ਉਸ ਦੀਆਂ ਜਾਂਚ ਏਜੰਸੀਆਂ, ਖ਼ੁਫੀਆਤੰਤਰ ਤੇ ਨਿਆਂਪਾਲਿਕਾ ਤੁਰੰਤ ਬਣਦੀ ਜ਼ਿੰਮੇਵਾਰੀ ਨਿਭਾਉਣ ਵਿਚ ਅੱਗੇ ਆ ਜਾਂਦੇ ਤਾਂ ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਕਾਇਮ ਹੋਈ ਫਿਰਕੂ ਸਦਭਾਵਨਾ ਤੇ ਹਿੰਦੂ-ਸਿੱਖ ਏਕਤਾ ਨੂੰ ਤੋੜਨ ਦੀਆਂ ਨਾਪਾਕ ਸਾਜ਼ਿਸ਼ਾਂ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਵੱਜਣੀ ਸੀ।
                    ਸਿੱਖਾਂ ਵਿੱਚ ਇਹ ਚਿੰਤਾ ਵੀ ਤੇਜ਼ੀ ਨਾਲ ਪ੍ਰਬਲ ਹੋ ਰਹੀ ਹੈ ਕਿ ਜੇਕਰ ਸਾਡੇ ਵਿਸ਼ਵਾਸ ਤੇ ਸ਼ਰਧਾ ਸਾਡੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਸਿੱਖ ਆਪਣੇ ਆਪ ਨੂੰ ਹੋਰ ਕਿੱਥੇ ਮਹਿਫੂਜ਼ ਸਮਝ ਸਕਣਗੇ।
                  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮਰਿਯਾਦਾ ਦੇ ਖੰਡਨ ਕਰਨ ਦੀ ਨਾ-ਪਾਕ ਕੋਸ਼ਿਸ਼ ਦੇ ਮੱਦੇਨਜਰ ਸਮੂਹ ਗੁਰੂ ਖਾਲਸਾ ਪੰਥ ਨੂੰ ਅਪੀਲ ਹੈ ਕਿ ਘਟੀਆਂ ਕਿਸਮ ਦੀ ਰਾਜਨੀਤਿਕ, ਘਨੋਣੀ ਸਾਜਿਸ਼ ਤਹਿਤ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਪਰਦਾਵਾਂ ਜੋ ਸਿੱਖ ਕੌਮ ਦੀ ਤਾਕਤ ਹਨ ਨੂੰ ਖਤਮ ਕਰਨ ਦੇ ਮਨਸੂਬੇ ਪੂਰੇ ਕਰਨ ਲਈ ਲਗਾਤਾਰ ਸਿੱਖ ਧਾਰਮਿਕ ਅਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਢਾਹ ਲਗਾਉਣ ਦਾ ਯਤਨ ਹੋ ਰਿਹਾ ਹੈ।ਇਸ ਕਾਰਜ਼ ਲਈ ਔਰਤਾਂ, ਬੱਚਿਆਂ ਅਤੇ ਨੀਮ ਪਾਗਲਾਂ ਨੂੰ ਸ਼ਾਮਲ ਕਰਨ ਦਾ ਖਦਸ਼ਾ ਹੈ ਜਾਂ ਘਟਨਾ ਤੋਂ ਬਾਅਦ ਪਾਗਲ ਕਰਾਰ ਦੇ ਦਿੱਤਾ ਜਾਂਦਾ ਹੈ।ਇਸ ਲਈ ਹਰੇਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗੁਰੂ ਘਰਾਂ ਦੀ ਸੁਰੱਖਿਆ ਦੇ ਢੁਕਵੇਂ ਤੇ ਲੋੜੀਂਦੇ ਪ੍ਰਬੰਧ ਕਰਨ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …